ਫ਼ਸਲਾਂ ਦੇ ਮੁਆਵਜ਼ੇ ਲਈ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸਿਰਸਾ ਕੌਂਸਲ ਦੀ ਮੀਟਿੰਗ ਕਿਸਾਨ ਆਗੂ ਕਾਮਰੇਡ ਸਤਪਾਲ ਧਨੂਰ ਦੀ ਪ੍ਰਧਾਨਗੀ ਹੇਠ ਹੋਈ। ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਅੱਜ ਦੇ ਦਿਨ 108 ਸਾਲ ਪਹਿਲਾਂ ਕਾਮਰੇਡ ਲੈਨਿਨ ਅਤੇ ਉਨ੍ਹਾਂ ਦੀ ਬੋਲਸ਼ੇਵਿਕ ਪਾਰਟੀ (ਸੋਵੀਅਤ ਕਮਿਊਨਿਸਟ ਪਾਰਟੀ) ਦੀ ਅਗਵਾਈ ਵਿੱਚ ਮਹਾਨ ਸਮਾਜਵਾਦੀ ਇਨਕਲਾਬ ਦੀ ਜਿੱਤ ਹੋਈ ਸੀ। ਨਤੀਜੇ ਵਜੋਂ ਮਜ਼ਦੂਰਾਂ ਅਤੇ ਕਿਸਾਨਾਂ ਲਈ ਪਹਿਲਾ ਸਮਾਜਵਾਦੀ ਰਾਜ ਸਥਾਪਿਤ ਹੋਇਆ ਅਤੇ ਪੂੰਜੀਵਾਦ ਦਾ ਸ਼ੋਸ਼ਣ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ, ਦਵਾਈ, ਰੁਜ਼ਗਾਰ ਅਤੇ ਰਿਹਾਇਸ਼ ਸਾਰਿਆਂ ਦੀ ਪਹੁੰਚ ਹੋਈ। ਸੋਵੀਅਤ ਇਨਕਲਾਬ ਦੇ ਨਤੀਜੇ ਵਜੋਂ ਪੂੰਜੀਵਾਦੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਕਾਨੂੰਨ ਬਣਾਉਣ ਲਈ ਮਜਬੂਰ ਹੋਣਾ ਪਿਆ। ਕਾਮਰੇਡ ਵਿਰਕ ਨੇ ਸਾਰਿਆਂ ਨੂੰ ਇਨਕਲਾਬ ਦਿਵਸ ਦੀ ਵਧਾਈ ਦਿੱਤੀ। ਜ਼ਿਲ੍ਹਾ ਪਾਰਟੀ ਸਕੱਤਰ ਕਾਮਰੇਡ ਲਸ਼ਮਣ ਸਿੰਘ ਸ਼ੇਖਾਵਤ ਨੇ ਕਿਹਾ ਕਿ ਦਸੰਬਰ ਮਹੀਨੇ ਭਾਕਪਾ ਦੀ ਸਥਾਪਨਾ ਦੀ ਪਹਿਲੀ ਸ਼ਤਾਬਦੀ ’ਤੇ ਸਿਰਸਾ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਕਿਸਾਨਾਂ ਦੇ ਭਖਦੇ ਮੁੱਦਿਆਂ ’ਤੇ ਵਿਚਾਰ ਰੱਖੇ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 1200 ਰੁਪਏ ਪ੍ਰਤੀ ਏਕੜ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ 4000 ਰੁਪਏ ਪ੍ਰਤੀ ਏਕੜ ਪਿਛਲੇ ਅਤੇ ਇਸ ਸਾਲ ਦੇ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਸਾਨਾਂ ਨੂੰ 26 ਨਵੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੀਂਹ, ਹੜ੍ਹਾਂ ਅਤੇ ਸੇਮ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੀਤਪਾਲ ਸਿੱਧੂ, ਬਾਲਾ ਵਣੀ, ਮਿਲਖ ਰਾਜ ਧਨੂਰ, ਰੇਸ਼ਮ ਸਿੰਘ ਸੰਧੂ, ਹਰਦਿਆਲ ਸਿੰਘ ਨਕੌੜਾ, ਗੁਰਨਾਮ ਸਿੰਘ, ਬਲਵੰਤ ਸਿੰਘ, ਕੁਲਦੀਪ ਸਿੰਘ ਕਰੀਵਾਲਾ, ਮੋਹਨ ਸਿੰਘ, ਕੁਲਵੰਤ ਸਿੰਘ, ਬਾਬਾ ਬਲਵੰਤ ਸਿੰਘ, ਪਾਲਾ ਸਿੰਘ ਚੀਮਾ ਤੇ ਦਾਰਾ ਸਿੰਘ ਡੱਬਵਾਲੀ ਆਦਿ ਹਾਜ਼ਰ ਸਨ।
