ਨੰਬਰਦਾਰ ਮੇਜਰ ਸਿੰਘ ਧਾਲੀਵਾਲ ਯਾਦਗਾਰੀ ਸਮਾਗਮ ਕਰਵਾਇਆ
ਹਲਕੇ ਦੇ ਪਿੰਡ ਚੁਹਾਣਕੇ ਖੁਰਦ ਦੇ ਸਰਕਾਰੀ ਹਾਈ ਸਕੂਲ ਵਿੱਚ ਨੰਬਰਦਾਰ ਮੇਜਰ ਸਿੰਘ ਧਾਲੀਵਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਿੱਦਿਅਕ, ਖੇਡਾਂ ਅਤੇ ਹੋਰ ਵੰਨਗੀਆਂ ’ਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੇਜ਼ਬਾਨ ਪਰਿਵਾਰ ਵੱਲੋਂ ਦਸਵੀਂ ਕਲਾਸ ਦੇ ਟਾੱਪਰ ਵਿਦਿਆਰਥੀ ਨੂੰ 5100 ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।
ਸਵਰਗੀ ਨੰਬਰਦਾਰ ਦੇ ਪੁੱਤਰ ਡਾ. ਕਰਮਜੀਤ ਸਿੰਘ, ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੱਦੇ ’ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਤਰਕਸ਼ੀਲ ਸੁਸਾਇਟੀ ਆਗੂ ਬਲਵਿੰਦਰ ਸਿੰਘ ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਉਹਨਾਂ ਆਪਣੇ ਸੰਬੋਧਨ ਦੌਰਾਨ ਡਾ. ਕਰਮਜੀਤ ਸਿੰਘ ਅਤੇ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਨੂੰ ਵਿਲੱਖਣ ਢੰਗ ਨਾਲ ਮਨਾਉਣ ਦੇ ਇਸ ਤਰੀਕੇ ਦੀ ਸ਼ਲਾਘਾ ਕੀਤੀ।
ਇਸਤੋਂ ਪਹਿਲਾਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ‘ਦੋ ਰਤਨ’ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਰੰਗ ਬੰਨ੍ਹਿਆ। ਡਾ. ਕਰਮਜੀਤ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਸਕੂਲ ਦੀ ਲਾਇਬਰੇਰੀ ਨੂੰ 100 ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਉੱਘੇ ਲੇਖਕ ਅਤੇ ਅਦਾਕਾਰ ਡਾ. ਸੁਰਿੰਦਰ ਸ਼ਰਮਾ, ਸਮਾਜ ਸੇਵੀ ਪ੍ਰਵੀਨ ਕੁਮਾਰ, ਸੰਗੀਤ ਸ਼ਰਮਾ, ਡਾ. ਮਿਸਰ ਸਿੰਘ, ਸਰਪੰਚ ਰਜਿੰਦਰ ਕੌਰ, ਮੁੱਖ ਅਧਿਆਪਕ ਪੁਨੀਤ ਗਰਗ, ਡਾ. ਭਗਵੰਤ ਸਿੰਘ, ਸਕੂਲ ਸਟਾਫ਼, ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਵੀ ਹਾਜ਼ਰ ਰਹੇ।
