ਕਿੱਲਿਆਂਵਾਲੀ ਤੇ ਉਸਮਾਨਖੇੜਾ ਵਿੱਚ ਸਫ਼ਾਈ ਮੁਹਿੰਮ ਸ਼ੁਰੂ
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਨ੍ਹਾਂ ਦੇ ਹੁਕਮਾਂ ’ਤੇ ’ਆਪ’ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਖੁਦ ਕਿੱਲਿਆਂਵਾਲੀ ਅਤੇ ਉਸਮਾਨਖੇੜਾ ਪਿੰਡਾਂ ਵਿੱਚ ਗਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਸਫਾਈ ਦਾ ਸੰਦੇਸ਼ ਦਿੱਤਾ। ਇਸ ਮੌਕੇ ’ਤੇ ਉਨ੍ਹਾਂ ਨਾਲ ਬੀਡੀਪੀਓ, ਪੰਚਾਇਤ ਸਕੱਤਰ ਅਤੇ ਪਿੰਡ ਦੇ ਸਰਪੰਚ ਵੀ ਮੌਜੂਦ ਸਨ।
ਅਰੁਣ ਨਾਰੰਗ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਉਨ੍ਹਾਂ ਇਲਾਕਿਆਂ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ ਜਿਵੇਂ ਕਿ ਪੰਚਾਇਤ ਘਰ, ਸਿਹਤ ਕੇਂਦਰ, ਸਰਕਾਰੀ ਸਕੂਲ, ਸਰਕਾਰੀ ਦਫ਼ਤਰ ਆਦਿ ਤਾਂ ਜੋ ਹੜ੍ਹ ਦੇ ਪਾਣੀ ਦੇ ਜਮ੍ਹਾਂ ਹੋਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਅਰੁਣ ਨਾਰੰਗ ਨੇ ਉੱਥੇ ਮੌਜੂਦ ਬੀਡੀਪੀਓ ਅਤੇ ਸਕੱਤਰ ਨੂੰ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਸਕੇ ਅਤੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਮਿਲ ਸਕੇ।
ਤਗ਼ਮਾ ਜੇਤੂ ਵਿਦਿਆਰਥੀਆ ਦਾ ਸਨਮਾਨ
ਬਰਨਾਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 10 ਕਿਲੋਮੀਟਰ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਦਾ ਇੱਥੇ ਪੁੱਜਣ ’ਤੇ ਸਨਮਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਜਸ਼ਨਦੀਪ ਕੌਰ ਨੇ ਚੌਥਾ, ਸਰਬਜੀਤ ਕੌਰ ਨੇ ਪੰਜਵਾਂ, ਕਮਲਦੀਪ ਕੌਰ ਨੇ ਸੱਤਵਾਂ, ਖੁਸ਼ਦੀਪ ਕੌਰ ਨੇ ਅੱਠਵਾਂ ਅਤੇ ਸਿਮਰਨ ਕੌਰ ਨੇ ਵਧੀਆਂ ਪ੍ਰਦਰਸ਼ਨ ਕੀਤਾ। ਲੜਕਿਆਂ ਵਿੱਚੋਂ ਕੁਲਦੀਪ ਰਾਮ ਨੇ ਚੌਥਾ, ਅਰਸ਼ਦੀਪ ਸਿੰਘ ਨੇ ਪੰਜਵਾਂ, ਗੁਰਦੀਪ ਰਾਮ ਨੇ ਅੱਠਵਾਂ, ਜਾਫਰ ਖਾਂ ਨੇ ਦਸਵਾਂ ਅਤੇ ਹਰਪਾਲ ਰਾਮ ਨੇ 15ਵਾਂ ਸਥਾਨ ਹਾਸਲ ਕਰਕੇ ਓਵਰਆਲ ਤੀਜਾ ਸਥਾਨ ਹਾਸਲ ਕਰਕੇ ਕਾਂਸ਼ੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਪ੍ਰੋਫੈਸਰ ਕੁਲਵੀਰ ਸਿੰਘ, ਪ੍ਰਬੰਧਕੀ ਕਮੇਟੀ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਜੇਤੂਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਸਕੂਲ ਵਿੱਚ ਹਿੰਦੀ ਦਿਵਸ ਮਨਾਇਆ
ਤਲਵੰਡੀ ਸਾਬੋ: ਸਤਿਗੁਰ ਪਬਲਿਕ ਸਕੂਲ ਕਲਾਲ ਵਾਲਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਇਸ ਮੌਕੇ ਨਰਸਰੀ ਤੋਂ ਯੂਕੇਜੀ ਦੇ ਬੱਚਿਆਂ ਨੇ ਹਿੰਦੀ ਭਾਸ਼ਾ ਵਿੱਚ ਅਲੱਗ-ਅਲੱਗ ਕਵਿਤਾਵਾਂ ਅਤੇ ਪਹਿਲੀ ਤੋਂ ਤੀਜੀ ਜਮਾਤ ਦੇ ਬੱਚਿਆਂ ਨੇ ਹਿੰਦੀ ਭਾਸ਼ਾ ਵਿੱਚ ਕਹਾਣੀਆਂ ਪੇਸ਼ ਕੀਤੀਆਂ ਗਈਆ। ਜਦਕਿ ਚੌਥੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੇ ਵੱਖ-ਵੱਖ ਅਧਿਆਪਕਾਂ ਵੱਲੋਂ ਹਿੰਦੀ ਦਿਵਸ ਨਾਲ ਸਬੰਧਤ ਭਾਸ਼ਣ ਦਿੱਤੇ ਗਏ। ਸਕੂਲ ਪ੍ਰਿੰਸੀਪਲ ਮਧੂ ਬਾਂਸਲ ਨੇ ਕਿਹਾ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਸੰਧੂ ਤੇ ਹੋਰ ਸਟਾਫ਼ ਹਾਜ਼ਰ ਸੀ। -ਪੱਤਰ ਪ੍ਰੇਰਕ
ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਛੇਤੀ: ਜੀਦਾ
ਬਠਿੰਡਾ: ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਅਹਿਮ ਖੁਲਾਸਾ ਕੀਤਾ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਛੇਤੀ ਐਲਾਨਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਅਤੇ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਪਛਾਣ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਚਾਰ ਵਟਾਂਦਰਾ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੁੱਖ ਤਰਜੀਹ ਸਾਧਾਰਣ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਉਹੀ ਹੋਣਗੇ, ਜੋ ਲੋਕਾਂ ਨਾਲ ਜੁੜ ਕੇ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ, ਲੋਕ ਸੇਵਾ ਦਾ ਜਜ਼ਬਾ ਰੱਖਦੇ ਹੋਣ। ਚੇਅਰਮੈਨ ਜੀਦਾ ਨੇ ਦੱਸਿਆ ਕਿ ‘ਆਪ’ ਇਹ ਦੋਵੇਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਚੋਣਾਂ ਜਿੱਤ ਕੇ ਪਿੰਡਾਂ ਅਤੇ ਕਸਬਿਆਂ ’ਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ
ਸੁੱਕਾ ਝੋਨਾ ਲਿਆਉਣ ਦੀ ਅਪੀਲ
ਮਾਨਸਾ: ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ 17 ਫ਼ੀਸਦੀ ਨਿਰਧਾਰਤ ਕੀਤੀ ਗਈ ਹੈ, ਇਸ ਲਈ ਝੋਨੇ ਦੀ ਨਾਲੋ ਨਾਲ ਖਰੀਦ ਲਈ ਕਿਸਾਨ ਮੰਡੀਆਂ ਵਿਚ ਸੁੱਕਾ ਝੋਨੇ ਹੀ ਲੈ ਕੇ ਆਉਣ। ਉਨ੍ਹਾਂ ਹਦਾਇਤ ਕੀਤੀ ਕਿ ਜਲਦ ਹੀ ਜਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਹ ਅੱਜ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਮੌਕੇ ਸੰਬੋਧਨ ਕਰ ਰਹੇ ਸਨ। -ਪੱਤਰ ਪ੍ਰੇਰਕ