ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਦੀ ਫੇਰੀ ਕਰ ਕੇ ਸ਼ੁਰੂ ਕੀਤੇ ਸਫ਼ਾਈ ਕਾਰਜ ਵਿਚਾਲੇ ਛੱਡੇ

ਅਚਾਨਕ ਤੇਜ਼ ਹੋਏ ਵਿਕਾਸ ਕਾਰਜਾਂ ਦੀ ਰਫ਼ਤਾਰ ਵੀ ਮੁਡ਼ ਮੱਠੀ ਪਈ
ਸ਼ਹਿਰ ਦੇ ਚੌਕਾਂ ਵਿੱਚ ਲੱਗੇ ਹੋਏ ਮਿੱਟੀ ਦੇ ਢੇਰ ਜਿਨ੍ਹਾਂ ਨੂੰ ਮੁੱਖ ਮੰਤਰੀ ਦੀ ਫੇਰੀ ਮਗਰੋਂ ਚੁੱਕਿਆ ਨਹੀਂ ਗਿਆ।
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫ਼ਰੀਦਕੋਟ ਫੇਰੀ ਦੌਰਾਨ ਪਿੱਛਲੇ 15 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਸ਼ਹਿਰ ਦੀ ਸਫ਼ਾਈ ਵਿੱਚ ਰੁੱਝਿਆ ਹੋਇਆ ਸੀ ਜੋ ਅਖੀਰਲੇ ਦਿਨ ਤੱਕ ਵੀ ਮੁਕੰਮਲ ਨਹੀਂ ਹੋ ਸਕੀ। ਮੁੱਖ ਮੰਤਰੀ ਦੇ ਫ਼ਰੀਦਕੋਟ ਆਉਣ ਅਤੇ ਜਾਣ ਤੱਕ ਪ੍ਰਸ਼ਾਸਨ ਲਗਾਤਾਰ ਸਫ਼ਾਈ ਕਾਰਜਾਂ ਨੂੰ ਨਿਬੇੜਣ ਵਿੱਚ ਲੱਗਿਆ ਰਿਹਾ। ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਜਿਹੜੇ ਸਫ਼ਾਈ ਕਾਰਜ ਅਜੇ ਹੋਣ ਵਾਲੇ ਸਨ, ਪ੍ਰਸ਼ਾਸਨ ਨੇ ਉਹ ਵਿਚਾਲੇ ਹੀ ਛੱਡ ਦਿੱਤੇ ਹਨ।

ਮੁੱਖ ਮੰਤਰੀ ਦਾ ਫ਼ਰੀਦਕੋਟ ਆਉਣਾ 31 ਜੁਲਾਈ ਨੂੰ ਤੈਅ ਹੋ ਗਿਆ ਸੀ, ਉਸ ਦਿਨ ਤੋਂ ਲੈ ਕੇ 15 ਅਗਸਤ ਤੱਕ ਪ੍ਰਸ਼ਾਸਨ ਸ਼ਹਿਰ ਨੂੰ ਸਾਫ਼ ਕਰਨ ਵਿੱਚ ਲੱਗਿਆ ਰਿਹਾ ਪਰ ਲੰਬੇ ਸਮੇਂ ਤੋਂ ਸ਼ਹਿਰ ਦੀ ਸਫ਼ਾਈ ਵੱਲ ਧਿਆਨ ਨਾ ਦੇਣ ਕਾਰਨ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ। ਇਨ੍ਹਾਂ ਨੂੰ ਪ੍ਰਸ਼ਾਸਨ 15 ਦਿਨਾਂ ਵਿੱਚ ਵੀ ਸਾਫ਼ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜ ਵੀ ਇੱਕਦਮ ਤੇਜ਼ੀ ਫੜ ਗਏ ਸਨ ਪਰ ਜਦੋਂ ਮੁੱਖ ਮੰਤਰੀ ਵਾਪਸ ਗਏ ਤਾਂ ਨਾਲ ਦੀ ਨਾਲ ਪ੍ਰਾਜੈਕਟਾਂ ਦਾ ਕੰਮ ਵੀ ਸੁਸਤ ਹੋ ਗਿਆ ਹੈ। ਸਰਕਟ ਹਾਊਸ ਵਿੱਚ ਮਿੱਟੀ ਦੇ ਵੱਡੇ ਢੇਰ ਲੱਗੇ ਹੋਏ ਸਨ, ਪ੍ਰਸ਼ਾਸਨ ਇਨ੍ਹਾਂ ਨੂੰ ਚੁੱਕ ਨਹੀਂ ਹੀ ਸਕਿਆ ਬਲਕਿ ਮੁੱਖ ਮੰਤਰੀ ਨੂੰ ਸਰਕਟ ਹਾਊਸ ਲਿਜਾਣ ਲਈ ਇੱਕ ਨਵਾਂ ਗੇਟ ਤਿਆਰ ਕੀਤਾ ਗਿਆ ਤਾਂ ਜੋ ਉਹ ਮਿੱਟੀ ਦੇ ਢੇਰਾਂ ਕੋਲੋਂ ਨਾ ਲੰਘਣ।

Advertisement

ਜਲਦੀ ਸ਼ਹਿਰ ਨੂੰ ਸਾਫ਼ ਕਰ ਦਿੱਤਾ ਜਾਵੇਗਾ: ਸੇਖੋਂ

ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸ਼ਹਿਰ ਦੇ ਪ੍ਰਾਜੈਕਟ ਬਹੁਤ ਜਲਦ ਮੁਕੰਮਲ ਕਰ ਲਏ ਜਾਣਗੇ ਅਤੇ ਜਿਹੜੇ ਸਫ਼ਾਈ ਦੇ ਕਾਰਜ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਸੋਮਵਾਰ ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਜਲਦ ਹੀ ਸ਼ਹਿਰ ਨੂੰ ਸਾਫ਼-ਸੁਥਰਾ ਕਰ ਦਿੱਤਾ ਜਾਵੇਗਾ।

Advertisement