ਸੰਤ ਲੌਂਗੋਵਾਲ ਦੀ ਬਰਸੀ ਮੌਕੇ ਨਵੇਂ ਤੇ ਪੁਰਾਣੇ ਅਕਾਲੀ ਦਲ ’ਚ ਟਕਰਾਅ ਦੇ ਆਸਾਰ
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਸਾਲਾਨਾ ਬਰਸੀ ਮਨਾਉਣ ਲਈ ਨਵੇਂ ਤੇ ਪੁਰਾਣੇ ਅਕਾਲੀ ਦਲ ਵੱਲੋਂ ਵਰਕਰਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਬਰਸੀ ਸਮਾਗਮ ਲਈ ਦੋਵੇਂ ਅਕਾਲੀ ਦਲਾਂ ਵੱਲੋਂ ਤਿਆਰੀਆਂ ਖਿੱਚ ਲਈਆਂ ਹਨ।
ਸਿਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ, ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ (ਬਾਅਦ ਵਿਚ ਪੰਜ ਮੈਂਬਰੀ) ਕਮੇਟੀ ਦੀ ਨਿਗਰਾਨੀ ਹੇਠ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਧਰਮਕੋਟ ਤੋਂ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥ ਦੀ ਧੀ ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੌਂਸਲ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸਾਲਾਨਾ ਬਰਸੀ 20 ਅਗਸਤ ਨੂੰ ਦਾਣਾ ਮੰਡੀ ਲੌਂਗੋਵਾਲ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਸਮਾਗਮ ਨੂੰ ਲੈ ਕੇ ਪਾਰਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਮੋਗਾ ਤੋਂ ਸਮੂਹ ਵਰਕਰ 20 ਅਗਸਤ ਨੂੰ ਸਵੇਰੇ 10 ਵਜੇ ਬੁੱਘੀਪੁਰਾ ਚੌਕ ਵਿੱਚੋਂ ਰੈਲੀ ਦੇ ਰੂਪ ਵਿੱਚ ਲੌਂਗੋਵਾਲ ਵੱਲ ਰਵਾਨਾ ਹੋਣਗੇ।
ਉਨ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹੱਕਾਂ ਲਈ ਅਣਮੁੱਲੀਆਂ ਕੁਰਬਾਨੀਆਂ ਦਿੱਤੀਆਂ। 1980 ਦੇ ਦਹਾਕੇ ਵਿੱਚ ਸਿੱਖ ਸੰਘਰਸ਼ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸਾਲਾਨਾ ਬਰਸੀ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਪੁੱਜੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਸ਼ਾਮਲ ਹੋਣਗੇ।