ਮਾਨਸਾ ’ਚ ਚਿਕਨਗੁਨੀਆ ਤੇ ਡੇਂਗੂ ਨੇ ਪੈਰ ਪਸਾਰੇ
ਸ਼ਹਿਰ ਅੰਦਰ ਚਿਕਨਗੁਨੀਆ ਅਤੇ ਡੇਂਗੂ ਦਾ ਕਹਿਰ ਜ਼ੋਰਾਂ ’ਤੇ ਹੈ। ਸਿਹਤ ਵਿਭਾਗ ਦੇ ਵੀ ਸਾਹ ਫੁੱਲ ਗਏ ਹਨ। ਵਿਭਾਗ ਨੂੰ ਡੇਂਗੂ ਚੈੱਕ ਕਰਨ ਲਈ ਕਿੱਟਾਂ ਦੀ ਥੋੜ੍ਹ ਪੈ ਗਈ ਅਤੇ ਉਹ ਬਾਹਰੋਂ ਮੰਗਵਾਉਣੀਆਂ ਪਈਆਂ। ਇਸ ਵੇਲੇ ਸਿਹਤ ਵਿਭਾਗ ਮਾਨਸਾ 70 ਦੇ ਕਰੀਬ ਸੈਂਪਲ ਹਰ-ਰੋਜ਼ ਪਰਖ ਕੇ ਲਾਉਂਦਾ ਹੈ। ਉੱਧਰ ਦੂਜੇ ਪਾਸੇ ਸ਼ਹਿਰ ਅੰਦਰ ਨਗਰ ਕੌਸਲ ਦੇ ਸੇਵਾਮੁਕਤ ਮੁਲਾਜ਼ਮ ਤੇ ਇੱਕ ਨੌਜਵਾਨ ਦੀ ਚਿਕਨਗੁਨੀਆ ਕਾਰਨ ਮੌਤ ਹੋ ਗਈ ਹੈ, ਜਦੋਂ ਕਿ ਚਿਕਨਗੁਨੀਆ ਤੇ ਡੇਂਗੂ ਨਾਲ ਮੌਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੇ ਚੁੱਪ ਵੱਟੀ ਹੋਈ ਹੈ। ਅਨੇਕਾਂ ਲੋਕ ਡੇਂਗੂ ਤੇ ਚਿਕਨਗੁਨੀਆ ਤੋਂ ਪੀੜਤ ਹੋਕੇ ਸਰਕਾਰੀ, ਨਿੱਜੀ ਹਸਪਤਾਲਾਂ ਅਤੇ ਦੇਸੀ ਇਲਾਜ ਕਰਵਾ ਰਹੇ ਹਨ। ਮਾਨਸਾ ਦੇ ਹਰ ਘਰ ’ਚ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹੋਣ ਦੀ ਸਥਿਤੀ ਬਣੀ ਹੋਈ ਹੈ।
ਮੀਂਹਾਂ ਦੇ ਮੌਸਮ ਅਤੇ ਸੀਵਰੇਜ ਪਾਣੀ ਦੀ ਸਮੱਸਿਆ ਦੇ ਚੱਲਦੇ ਇਸ ਵਾਰ ਮਾਨਸਾ ’ਚ ਡੇਂਗੂ, ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਨਿੱਜੀ ਅਤੇ ਸਰਕਾਰੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਸਿਹਤ ਵਿਭਾਗ ਵੱਲੋਂ ਫੌਗਿੰਗ, ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਕਾਰਜ ਜਾਰੀ ਹਨ। ਡੀ ਸੀ ਨਵਜੋਤ ਕੌਰ ਵੀ ਸਿਹਤ ਵਿਭਾਗ ਨੂੰ ਇਸ ਸਬੰਧੀ ਸਖ਼ਤ ਨਿਰਦੇਸ਼ ਦੇ ਚੁੱਕੇ ਹਨ ਕਿ ਵਿਭਾਗ ਇਸ ਪ੍ਰਤੀ ਲਾਪ੍ਰਵਾਹੀ ਨਾ ਵਰਤੇ। ਇਸ ਦੌਰਾਨ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਦਾ ਕਹਿਣਾ ਹੈ ਕਿ ਨਗਰ ਕੌਸਲ ਮਾਨਸਾ ਦੇ ਸੇਵਾ ਮੁਕਤ ਮੁਲਾਜ਼ਮ ਮੁਲਤਾਨ ਸਿੰਘ ਦੀ ਚਿਕਨਗੁਨੀਆ ਨਾਲ ਮੌਤ ਹੋ ਚੁੱਕੀ ਹੈ। ਸੀਪੀਐੱਮ ਦੇ ਘਣਸ਼ਾਮ ਨਿੱਕੂ, ਸਾਬਕਾ ਕੌਸਲਰ ਸ਼ਿਵਚਰਨ ਦਾਸ ਸੂਚਨ, ਸਾਬਕਾ ਕੌਸਲਰ ਅਮਰੀਕ ਸਿੰਘ ਮਾਨ ਨੇ ਦੱਸਿਆ ਕਿ ਚਿਕਨਗੁਨੀਆ ਨਾਲ ਫ਼ਲਾਂ ਦੀ ਰੇਹੜੀ ਲਾਉਣ ਵਾਲੇ ਗੁਰਮੀਤ ਸਿੰਘ (ਗੋਲੀ) ਦੀ ਵੀ ਮੌਤ ਹੋ ਚੁੱਕੀ ਹੈ ਪਰ ਵਿਭਾਗ ਹਾਲੇ ਤੱਕ ਵੀ ਖਾਨਾਪੂਰਤੀ ਕਰਨ ਵਿੱਚ ਲੱਗਿਆ ਹੋਇਆ ਹੈ।
ਮਾਨਸਾ ’ਚ ਡੇਂਗੂ ਦੇ 73 ਮਰੀਜ਼: ਕੰਵਲਪ੍ਰੀਤ ਬਰਾੜ
ਸਿਹਤ ਵਿਭਾਗ ਦੀ ਕਾਰਜਕਾਰੀ ਸਿਵਲ ਸਰਜਨ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਮਾਨਸਾ ਵਿੱਚ ਇਸ ਵੇਲੇ ਡੇਂਗੂ 73 ਮਰੀਜ਼ ਹਨ ਤੇ ਸ਼ੱਕੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਉਨ੍ਹਾਂ ਕਿਹਾ ਕਿ 46 ਮਰੀਜ਼ ਚਿਕਨਗੁਨੀਆ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਡੇਂਗੂ ਦੇ 1800 ਤੇ ਚਿਕਨਗੁਨੀਆ ਦੇ 400 ਨਮੂਨੇ ਭਰ ਚੁੱਕਿਆ ਹੈ ਅਤੇ ਅੱਜ 70 ਨਮੂਨਿਆਂ ਦੀ ਪਰਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਇਨ੍ਹਾਂ ਨਮੂਨਿਆਂ ਨੂੰ ਭਰਨ ਲਈ ਕਿੱਟਾਂ ਦੀ ਤੋਟ ਆ ਗਈ ਸੀ ਤੇ ਹੋਰ ਕਿੱਟਾਂ ਮੰਗਵਾ ਕੇ ਤੇਜ਼ੀ ਨਾਲ ਸੈਂਪਲ ਲਏ ਜਾ ਰਹੇ ਹਨ।
