ਛੱਠ ਪੂਜਾ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ: ਅਮਨ ਅਰੋੜਾ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਇੱਥੇ ਮਨਾਏ ਗਏ ਛੱਠ ਪੂਜਾ ਦੇ ਤਿਉਹਾਰ ਵਿੱਚ ਦੇਰ ਸ਼ਾਮ ਨੂੰ ਸ਼ਿਰਕਤ ਕੀਤੀ। ਉਨ੍ਹਾਂ ਇਸ ਤਿਉਹਾਰ ਦੀਆਂ ਜਿੱਥੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚ ਆਏ ਪਰਵਾਸੀ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਉਨਾਂ ਪਰਵਾਸੀ ਭਾਈਚਾਰੇ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸੰਭਵ ਮੱਦਦ ਮੁਹੱਈਆ ਕਰਵਾਈ ਜਾਵੇਗੀ। ਸ੍ਰੀ ਅਰੋੜਾ ਨੇ ਕਿਹਾ ਛੱਠ ਪੂਜਾ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਵੇ ਅਤੇ ਛੱਠ ਮਾਤਾ ਸਾਰਿਆਂ ’ਤੇ ਆਪਣਾ ਅਸ਼ੀਰਵਾਦ ਬਣਾਈ ਰੱਖੇ।
ਅਮਨ ਅਰੋੜਾ ਨੇ ਛੱਠ ਪੂਜਾ ਲਈ ਵਰਤੀ ਜਾਂਦੀ ਸਰਹਿੰਦ ਨਹਿਰ ’ਤੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਗਰ ਨਿਗਮ ਵੱਲੋਂ ਪੂਜਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਨਹਿਰ ’ਤੇ ਬਣਾਈਆਂ ਵੱਡੀਆਂ ਪੌੜੀਆਂ ’ਤੇ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਸ੍ਰੀ ਅਰੋੜਾ ਦੇ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ‘ਆਪ’ ਦੇ ਮੁੱਖ ਬੁਲਾਰੇ ਚੇਅਰਮੈਨ ਨੀਲ ਗਰਗ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
