ਚਰਨ ਕੌਰ ਵੱਲੋਂ ਸਿੱਧੂ ਮੂਸੇਵਾਲਾ ਦੇ ਬੁੱਤ ’ਤੇ ਗੋਲੀਆਂ ਚਲਾਉਣ ਦਾ ਵਿਰੋਧ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਬੁੱਤ ’ਤੇ ਗੋਲੀ ਚਲਾਉਣ ਦੀ ਘਟਨਾ ਉਤੇ ਗਹਿਰਾ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅੱਜ ਸ਼ੋਸਲ ਮੀਡੀਆ ’ਤੇ ਪੋਸਟ ਪਾਕੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਯਾਦ ’ਤੇ ਹਮਲਾ, ਉਨ੍ਹਾਂ ਦੇ ਆਤਮਾ ’ਤੇ ਜਖ਼ਮ ਹੈ।
ਚਰਨ ਕੌਰ ਨੇ ਕਿਹਾ ਕਿ ਕੁਝ ਲੋਕ ਨਾ ਸਿਰਫ਼ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਸ ਦੇ ਬੁੱਤ ’ਤੇ ਗੋਲੀ ਚਲਾਈ ਗਈ ਹੈ, ਉਹ ਸਿਰਫ਼ ਪੱਥਰ ਨਹੀਂ ਸੀ, ਬਲਕਿ ਸਿੱਧੂ ਮੂਸੇਵਾਲਾ ਦੇ ਲੋਕਾਂ ਨਾਲ ਪਿਆਰ ਅਤੇ ਸਨਮਾਨ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਉਸਦਾ ਪੁੱਤ ਲੋਕਾਂ ਦੇ ਹੱਕ ਦੀ ਆਵਾਜ਼ ਸੀ ਅਤੇ ਹੁਣ ਜਦੋਂ ਉਹ ਸਾਡੇ ਵਿੱਚ ਨਹੀਂ ਹੈ ਤਾਂ ਉਦੋਂ ਵੀ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਆਤਮਾ ’ਤੇ ਸੱਟ ਮਾਰਦਾ ਹੈ ਪਰ ਉਹ ਕਹਿਣਾ ਚਾਹੁੰਦੇ ਹਨ ਕਿ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਇੱਕ ਲਹਿਰ ਸੀ, ਜੋ ਹਮੇਸ਼ਾ ਜਿਉਂਦੀ ਰਹੇਗੀ।
ਜਾਣਕਾਰੀ ਅਨੁਸਾਰ ਮੂਸੇਵਾਲਾ ਦੀ ਯਾਦ ’ਚ ਡੱਬਵਾਲੀ ਵਿਖੇ ਬੁੱਤ ’ਤੇ ਹੋਈ ਇਸ ਘਟਨਾ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉਤੇ ਲਾਰੈਂਸ ਗੈਂਗ ਵੱਲੋਂ ਲਈ ਗਈ ਦੱਸੀ ਜਾਂਦੀ ਹੈ। ਗੈਂਗ ਦੇ ਮੈਂਬਰ ਗੋਲਡੀ ਢਿੱਲੋਂ, ਆਰਜੂ ਬਿਸ਼ਨੋਈ ਨੇ ਪੋਸਟ ਪਾਕੇ ਗੋਲੀਬਾਰੀ ਨੂੰ ਅੰਜਾਮ ਦੇਣ ਦੀ ਗੱਲ ਨੂੰ ਸਵਿਕਾਰਿਆ ਹੈ। ਪੋਸਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।