ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀ ਚਿੰਤਾ ਵਧਾਈ
ਮਾਲਵਾ ਖੇਤਰ ਵਿੱਚ ਲਗਾਤਾਰ ਤੀਜੇ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਅੱਜ ਵੀ ਖੇਤਾਂ ਤੇ ਅਨਾਜ ਮੰਡੀਆਂ ਵਿੱਚ ਕੰਮ ਨੂੰ ਰੋਕੀ ਰੱਖਿਆ। ਮੌਸਮ ਮਹਿਕਮੇ ਵੱਲੋਂ ਭਲਕੇ 8 ਅਕਤੂਬਰ ਤੋਂ ਮਾਲਵਾ ਖੇਤਰ ਵਿੱਚ ਮੀਂਹ ਨਾ ਪੈਣ ਦੀ ਕੀਤੀ ਪਸ਼ੀਨਗੋਈ ਤੋਂ ਅੰਨਦਾਤਾ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਸਵੇਰ ਤੋਂ ਪਏ ਮੀਂਹ ਨੇ ਝੋਨੇ ਅਤੇ ਬਾਸਮਤੀ ਨੂੰ ਮਧੋਲ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਵਾਢੀ ਕੰਬਾਈਨਾਂ ਨਾਲ ਕਰਨਾ ਹੁਣ ਔਖਾ ਕਾਰਜ ਜਾਪਣ ਲੱਗਿਆ ਹੈ। ਮਾਨਸਾ ਸਣੇ ਮਾਲਵਾ ਖੇਤਰ ਦੇ ਬਰਨਾਲਾ, ਬਠਿੰਡਾ, ਸੰਗਰੂਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਕਿਤੇ ਵੀ ਝੋਨੇ ਦੀ ਕੋਈ ਢੇਰੀ ਨਾ ਹੀ ਵਿਕਣ ਲਈ ਆਈ ਹੈ ਅਤੇ ਨਾ ਹੀ ਬੋਲੀ ਲੱਗਣ ਦੀ ਕੋਈ ਸਰਕਾਰੀ ਤੌਰ ’ਤੇ ਜਾਣਕਾਰੀ ਮਿਲੀ ਹੈ। ਖੇਤਾਂ ’ਚੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਅੱਜ ਕਿਸਾਨ ਸਿਵਾਏ ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ-ਚਾਰੇ ਨੂੰ ਲਿਆਉਣ ਤੋਂ ਬਿਨਾਂ ਕੋਈ ਵੀ ਕਾਰਜ ਨਹੀਂ ਕਰ ਸਕੇ ਹਨ। ਪਹਿਲਾਂ ਤੋਂ ਬੀਜੀਆਂ ਸਬਜ਼ੀਆਂ ਅਤੇ ਤਾਜ਼ਾ ਬੀਜੀਆਂ ਸਬਜ਼ੀਆਂ ਨੂੰ ਮੀਂਹ ਨੇ ਭੰਨ੍ਹ ਸੁੱਟਿਆ ਹੈ। ਹੁਣ ਕਿਸਾਨਾਂ ਨੂੰ ਇਹ ਸਬਜ਼ੀਆਂ ਨਵੇਂ ਸਿਰੇ ਤੋਂ ਬੀਜਣੀਆਂ ਪੈਣਗੀਆਂ। ਜਿਹੜੇ ਕਿਸਾਨਾਂ ਨੇ ਖੇਤਾਂ ਵਿੱਚ ਗੋਭੀ, ਮਟਰ, ਮੂਲੀਆਂ, ਸ਼ਲਗ਼ਮ, ਗਾਜਰਾਂ, ਪਾਲਕ, ਸਾਗ ਵਾਲੀ ਸਰੋਂ, ਮੇਥੇ ਬੀਜੇ ਸਨ, ਉਨ੍ਹਾਂ ਨੂੰ ਪਹਿਲਾਂ ਗਰਮੀ ਨੇ ਉੱਠਣ ਨਹੀਂ ਦਿੱਤਾ ਅਤੇ ਜਦੋਂ ਟਿਊਬਵੈੱਲਾਂ ਦੇ ਪਾਣੀ ਨਾਲ ਇਹ ਸਬਜ਼ੀਆਂ ਬਹਾਲ ਹੋਈਆਂ ਸਨ ਤਾਂ ਹੁਣ ਮੀਂਹ ਦੀਆਂ ਮੋਟੀਆਂ ਕਣੀਆਂ ਨੇ ਇਨ੍ਹਾਂ ਨੂੰ ਮਧੋਲ ਦਿੱਤਾ ਹੈ। ਮੰਡੀਆਂ ’ਚੋਂ ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਲਗਾਤਾਰ ਤਿੰਨ ਦਿਨਾਂ ਤੋਂ ਪੈਣ ਲੱਗੇ ਇਸ ਮੀਂਹ ਕਾਰਨ ਕਿਸੇ ਵੀ ਖਰੀਦ ਕੇਂਦਰ ’ਚ ਕੋਈ ਕਿਸਾਨ ਨਹੀਂ ਵੇਖਿਆ ਗਿਆ। ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੇ ਮੌਸਮ ਇਸੇ ਤਰ੍ਹਾਂ ਮੀਂਹ ਵਾਲਾ ਬਣਿਆ ਰਿਹਾ ਤਾਂ ਖੇਤਾਂ ਵਿੱਚ ਡਿੱਗਿਆ ਪਿਆ ਝੋਨਾ ਬਦਰੰਗ ਹੋ ਜਾਵੇਗਾ, ਜਿਸ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡੀ ਬਿਪਤਾ ਖੜ੍ਹੀ ਹੋ ਜਾਵੇਗੀ। ਇਸ ਮੀਂਹ ਨੇ ਸਭ ਤੋਂ ਵੱਧ ਪ੍ਰਭਾਵ ਖੇਤਾਂ ਵਿਚ ਖੜ੍ਹੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਉਪਰ ਪਾਇਆ ਹੈ। ਬਾਸਮਤੀ ਦਾ ਕੱਦ ਉਚਾ ਹੋਣ ਕਾਰਨ ਉਹ ਖੇਤਾਂ ਵਿੱਚ ਵਿਛ ਗਈ ਹੈ, ਜਿਸ ਦੇ ਹੁਣ ਮੁੜ ਖੜ੍ਹੀ ਹੋਣ ਦੀ ਕੋਈ ਵੀ ਉਮੀਦ ਨਹੀਂ ਵਿਖਾਈ ਦਿੰਦੀ ਹੈ। ਬਾਸਮਤੀ ਕੱਲ੍ਹ ਤੱਕ ਕਿਸਾਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਯੋਗ ਜਾਪਦੀ ਸੀ, ਉਸ ਤੋਂ ਹੁਣ ਸਭ ਢੇਰੀਆਂ ਢਹਿ ਗਈਆਂ ਜਾਪਣ ਲੱਗੀਆਂ ਹਨ।
ਸ਼ਹਿਣਾ(ਪ੍ਰਮੋਦ ਕੁਮਾਰ ਸਿੰਗਲਾ): ਮੌਸਮ ਦੇ ਬਦਲੇ ਹੋਏ ਮਿਜ਼ਾਜ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੀ ਚਿੰਤਾ ਵਿੱਚ ਵੀ ਵਾਧਾ ਕੀਤਾ ਹੈ। ਪੱਕਣ ’ਤੇ ਆਈ ਝੋਨੇ ਦੀ ਫ਼ਸਲ ਤੇ ਮੀਂਹ ਪੈਣ ਨਾਲ ਕਿਸਾਨ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਝੋਨੇ ਦਾ ਝਾੜ ਘਟਣ ਦਾ ਖਦਸ਼ਾ ਹੈ। ਕਿਸਾਨ ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਸ਼ਹਿਣਾ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਬਿਲਕੁਲ ਪੱਕਣ ਲਈ ਤਿਆਰ ਹੈ ਅਤੇ ਕੁਝ ਹੀ ਦਿਨਾਂ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣੀ ਸੀ ਪਰ ਮੀਂਹ ਨੇ ਸਾਰੇ ਕੰਮਾਂ ਵਿੱਚ ਖੜੋਤ ਲਿਆਂਦੀ ਹੈ। ਬਲਾਕ ਸ਼ਹਿਣਾ ਦੀਆਂ ਛੋਟੀਆਂ ਮੰਡੀਆਂ ਵਿੱਚ ਹਾਲੇ ਝੋਨਾ ਵਿਕਣ ਲਈ ਨਹੀਂ ਆਇਆ ਹੈ। ਝੋਨੇ ਦੀ ਵਾਢੀ ਇਸ ਮੀਂਹ ਨਾਲ ਕਾਫ਼ੀ ਲੇਟ ਹੋ ਜਾਵੇਗੀ।
ਕਾਲਾਂਵਾਲੀ ਦੀ ਐਡੀਸ਼ਨਲ ਅਨਾਜ ਮੰਡੀ ਵਿੱਚ ਪਿਆ ਝੋਨਾ ਭਿੱਜਿਆ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਐਡੀਸ਼ਨਲ ਅਨਾਜ ਮੰਡੀ ਵਿੱਚ ਖੁੱਲ੍ਹੇ ਵਿੱਚ ਪਿਆ ਹਜ਼ਾਰਾਂ ਕੁਇੰਟਲ ਝੋਨਾ ਭਿੱਜ ਗਿਆ। ਨਤੀਜੇ ਵਜੋਂ ਅੱਜ ਵੀ ਝੋਨੇ ਦੀ ਖਰੀਦ ਨਹੀਂ ਕੀਤੀ ਗਈ। ਅਨਾਜ ਮੰਡੀ ਵਿੱਚ ਸਮਰਥਨ ਮੁੱਲ ’ਤੇ ਵਿਕਰੀ ਲਈ ਝੋਨੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਤੱਕ ਲਗਭਗ 40,000 ਕੁਇੰਟਲ ਝੋਨਾ ਮੰਡੀ ਵਿੱਚ ਆ ਚੁੱਕਾ ਹੈ। ਇਸ ਵਿੱਚੋਂ 18,000 ਕੁਇੰਟਲ ਖਰੀਦਿਆ ਗਿਆ ਹੈ। ਸਿਰਫ਼ 3,700 ਕੁਇੰਟਲ ਹੀ ਚੁੱਕਿਆ ਗਿਆ ਹੈ। ਨਤੀਜੇ ਵਜੋਂ ਮੰਡੀ ਵਿੱਚ ਖੁੱਲ੍ਹੇ ਵਿੱਚ ਪਿਆ ਹਜ਼ਾਰਾਂ ਕੁਇੰਟਲ ਝੋਨਾ ਗਿੱਲਾ ਹੋ ਗਿਆ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਕਿਸਾਨ ਤੇਜ਼ੀ ਨਾਲ ਆਪਣੀਆਂ ਫਸਲਾਂ ਦੀ ਵਾਢੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਲਿਆ ਰਹੇ ਹਨ, ਪਰ ਮੰਡੀਆਂ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਹੈ। ਮੀਂਹ ਨੇ ਸ਼ਹਿਰ ਵਿੱਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਸ਼ਹਿਰ ਦੀ ਅਨਾਜ ਮੰਡੀ, ਦੇਸੂ ਰੋਡ, ਪੰਜਾਬ ਬੱਸ ਸਟੈਂਡ, ਆਰਾ ਰੋਡ, ਥਾਣਾ ਰੋਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ ਆਦਿ ਥਾਵਾਂ ’ਤੇ ਪਾਣੀ ਭਰਨ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਹੋਈ ਹੈ ਜਦੋਂ ਕਿ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਪੱਕੀ ਹੋਈ ਕਪਾਹ ਅਤੇ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਮੀਂਹ ਕਾਰਨ ਨਰਮੇ ਦੀ ਚੁਗਾਈ ਅਤੇ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ