ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਂਦਪੁਰਾ ਬੰਨ੍ਹ: ਘੱਗਰ ’ਚ ਵੱਧ ਰਹੇ ਪਾਣੀ ਕਾਰਨ ਲੋਕਾਂ ’ਚ ਸਹਿਮ

ਡੀਸੀ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੀ ਹਦਾਇਤ; ਕਈ ਪਿੰਡਾਂ ’ਚ ਪਹਿਰੇਦਾਰੀ ਸ਼ੁਰੂ
ਮਾਨਸਾ ਜ਼ਿਲ੍ਹੇ ’ਚ ਪੈਂਦੇ ਚਾਂਦਪੁਰਾ ਸਾਈਫਨ ’ਚ ਘੱਗਰ ਵਿੱਚ ਵਧਿਆ ਪਾਣੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਅਤੇ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਘੱਗਰ ਵਿੱਚ ਵਧੇ ਪਾਣੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕਾਂ ਵਿਚ ਸਹਿਮ ਹੈੈ। ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਦਿਨ-ਰਾਤ ਦੀ ਗਸ਼ਤ ਜਾਰੀ ਹੈ ਅਤੇ ਚਾਂਦਪੁਰਾ ਬੰਨ੍ਹ ਨੇੜੇ ਆਰਜ਼ੀ ਚੌਕੀ ਕਾਇਮ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਲੋਕਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ।

ਘੱਗਰ ਵਿੱਚ ਕੱਲ੍ਹ ਨਾਲੋਂ ਅੱਜ 5 ਫੁੱਟ ਤੋਂ ਜ਼ਿਆਦਾ ਪਾਣੀ ਵੱਧਣ ਤੋਂ ਬਾਅਦ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੰਦੋਬਸ਼ਤ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਅਤੇ ਪਹਾੜਾਂ ਵਿੱਚ ਹੋਰ ਜ਼ਿਆਦਾ ਮੀਂਹ ਨਹੀਂ ਪੈਦਾ ਹੈ ਤਾਂ ਬੰਨ੍ਹਾਂ ਦੇ ਟੁੱਟਣ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਬੰਨ੍ਹਾਂ ਦੀ ਮਜ਼ਬੂਤੀ ਪਹਿਲਾਂ ਹੀ ਕੀਤੀ ਹੋਈ ਹੈ।

Advertisement

ਉਧਰ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੁਢਲਾਡਾ ਨੇੜਲੇ ਪਿੰਡ ਕੁਲਰੀਆਂ, ਗੋਰਖਨਾਥ, ਜੁਗਲਾਨ, ਮੰਡੇਰ, ਭਾਵਾ ਦੇ ਲੋਕਾਂ ਵੱਲੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਂਦਪੁਰਾ ਸਾਈਫਨ ਉਪਰ ਲਗਾਤਾਰ ਪਾਣੀ ਆ ਰਿਹਾ ਹੈ। ਲੋਕਾਂ ਨੂੰ ਮੁਹਾਲੀ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਵਧੇ ਪਾਣੀ ਤੋਂ ਬਾਅਦ ਡਰ ਲੱਗਣ ਲੱਗਿਆ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬੱਦਲ ਫੱਟਣ ਦੀਆਂ ਘਟਨਾਵਾਂ ਨੇ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਵਿੱਚ ਪਾ ਰੱਖਿਆ ਹੈ।

ਇਸੇ ਦੌਰਾਨ ਲੋਕਾਂ ਨੂੰ ਸੰਭਾਵੀ ਹੜ੍ਹਾਂ ਦੇ ਡਰ ’ਚੋਂ ਕੱਢਣ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੀ ਸਥਿਤੀ ਵਿੱਚ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਏ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਦੇ ਧਿਆਨ ਹਿੱਤ ਲਿਆਉਣ। ਉਨ੍ਹਾਂ ਐੱਸਡੀਐੱਮ ਬੁਢਲਾਡਾ ਅਤੇ ਐੱਸਡੀਐੱਮ ਸਰਦੂਲਗੜ੍ਹ ਨੂੰ ਹਰ ਸਮੇਂ ਹੜ੍ਹ ਕੰਟਰੋਲ ਰੂਮਾਂ ਨਾਲ ਸਾਰੇ ਅਧਿਕਾਰੀਆਂ ਦੇ ਜੁੜੇ ਰਹਿਣ ਦੀ ਹਦਾਇਤ ਕੀਤੀ ਹੈ ਅਤੇ ਕਿਸੇ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਘੱਗਰ ਤੋਂ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਂਉਂਦੇ ਹਨ, ਇਨ੍ਹਾਂ ਵਿੱਚੋਂ 23 ਪਿੰਡ ਬੁਢਲਾਡਾ ਸਬ ਡਿਵੀਜ਼ਨ ਨਾਲ ਅਤੇ 16 ਪਿੰਡਾਂ ਸਰਦੂਲਗੜ੍ਹ ਸਬ ਡਿਵੀਜ਼ਨ ਨਾਲ ਸਬੰਧਤ ਹਨ ਅਤੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਲਗਾਤਾਰ ਸੰਪਰਕ ਕਾਇਮ ਕੀਤਾ ਹੋਇਆ ਹੈ ਅਤੇ ਲੋਕ ਬਿਲਕੁਲ ਹੌਸਲੇ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ।

Advertisement