ਸਫ਼ਾਈ ਨਾ ਹੋਣ ਕਾਰਨ ਚੰਦਭਾਨ ਡਰੇਨ ਟੁੱਟਣ ਦਾ ਖ਼ਤਰਾ
ਪੰਜਾਬ ਸਰਕਾਰ ਵੱਲੋਂ ਸਥਾਨਕ ਸ਼ਹਿਰ ਕੋਲ ਦੀ ਲੰਘਦੀ ਚੰਦਭਾਨ ਡਰੇਨ ਦੀ ਸਮੇਂ-ਸਿਰ ਸਫ਼ਾਈ ਨਾ ਕਰਨ ਕਰਕੇ ਅੱਜ ਇਥੇ ਬਣੇ ਪੁਲ ਕੋਲ ਦਰੱਖ਼ਤ ਅਤੇ ਬੂਟੀ ਦੇ ਫ਼ਸਣ ਕਾਰਨ ਡਰੇਨ ਟੁੱਟਣ ਦਾ ਖ਼ਤਰਾ ਬਣ ਗਿਆ ਹੈ। ਦਰੱਖਤਾਂ ਕਾਰਨ ਡਰੇਨ ’ਚ ਪਾਣੀ ਦਾ ਪੱਧਰ ਇਕਦਮ ਵਧ ਗਿਆ। ਪਾਣੀ ਦਾ ਪੱਧਰ ਵਧਣ ਕਾਰਨ ਇਸ ਦੀ ਪਿੰਡ ਵਾਲੇ ਪਾਸੇ ਦੀ ਪਟੜੀ ਟੁੱਟਣ ਦਾ ਵੱਡਾ ਖ਼ਤਰਾ ਬਣ ਗਿਆ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤਰੁੰਤ ਹਰਕਤ ਵਿੱਚ ਆਉਂਦਿਆਂ ਇਕੱਠੇ ਹੋ ਪੁਲ ਕੋਲ ਫਸੇ ਦਰੱਖਤਾਂ ਨੂੰ ਡਰੇਨ ’ਚੋਂ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਇਹ ਡਰੇਨ ਭਰ ਕੇ ਵਗ ਰਹੀ ਹੈ। ਇਸ ਮੌਕੇ ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਵੱਲੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਬਰਸਾਤਾਂ ਤੋਂ ਪਹਿਲਾਂ ਇਸ ਡਰੇਨ ਦੀ ਕੋਈ ਸਫ਼ਾਈ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਵਿਚ ਉੱਗੇ ਫਾਲਤੂ ਦਰੱਖਤ ਪੁਲ 'ਚ ਫਸ ਰਹੇ ਹਨ, ਜਿਸ ਕਾਰਨ ਪਿੱਛੇ ਪਾਣੀ ਦਾ ਪੱਧਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਹੁਣ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਲੋਕਾਂ ਨੇ ਆਪਣੇ ਪੱਧਰ 'ਤੇ ਹੀ ਫਾਲਤੂ ਦਰੱਖਤਾਂ ਨੂੰ ਡਰੇਨ ਵਿਚੋਂ ਬਾਹਰ ਕੱਢਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਅਵਤਾਰ ਸਿੰਘ ਤਾਰੀ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਟੜੀ ਟੁੱਟਣ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਡਰੇਨ ਦੀ ਤਰੁੰਤ ਸਫ਼ਾਈ ਕੀਤੀ ਜਾਵੇ।