ਕੇਂਦਰ ਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਲਈ ਕੁਝ ਨਹੀਂ ਕੀਤਾ: ਕਾਲਾ ਢਿੱਲੋਂ
ਪੰਜਾਬ ਦੇ ਡੈਮਾਂ ਅਤੇ ਡਰੇਨਾਂ ਦੀ ਸਮੇਂ-ਸਿਰ ਸਫ਼ਾਈ ਨਾ ਹੋਣਾ ਸੂਬੇ ਵਿੱਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਹਨ ਅਤੇ ਇਸੇ ਕਾਰਨ ਸੂਬੇ ਦੇ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ ਹੈ ਜਿਸ ਕਰਕੇ ਇਸ ਨੁਕਸਾਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਹ ਗੱਲਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਿੰਡ ਹਮੀਦੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਾਅਦ ਪੀੜਤ ਲੋਕਾਂ ਨੂੰ ਬਚਾਉਣ ਲਈ ਵੀ ਦੋਵੇਂ ਸਰਕਾਰਾਂ ਨੇ ਬਣਦੇ ਯਤਨ ਨਹੀਂ ਕੀਤੇ। ਸਮਾਜ ਸੇਵੀ ਸੰਗਠਨਾਂ ਦੀ ਮਦਦ ਨਾਲ ਹੀ ਲੋਕਾਂ ਨੂੰ ਰਾਸ਼ਨ ਅਤੇ ਰਾਹਤ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਹੜ੍ਹ ਪੀੜਤਾਂ ਲਈ ਐਲਾਨਿਆ 1600 ਕਰੋੜ ਦਾ ਰਾਹਤ ਪੈਕੇਜ ਇੱਕ ਤਰ੍ਹਾਂ ਨਾਲ ਮਜ਼ਾਕ ਬਰਾਬਰ ਹੀ ਹੈ ਜਿਸ ਦੇ ਹਿਸਾਬ ਨਾਲ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉਸ ਹਿਸਾਬ ਨਾਲ ਇਨੇ ਛੋਟੇ ਪੈਕੇਜ ਨਾਲ ਲੋਕਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਇਸ ਤੋਂ ਵੱਧ ਤਾਂ ਸਾਡੇ ਐਨਆਰਆਈ ਭਰਾ ਅਤੇ ਸਮਾਜ ਸੇਵੀ ਸੰਸਥਾਵਾਂ ਖ਼ੁਦ ਦਿਲ ਖੋਲ ਕੇ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਵੀ ਪੀੜਤ ਲੋਕਾਂ ਲਈ ਕੀਤੇ ਐਲਾਨ ਨਾਕਾਫ਼ੀ ਹਨ। ਇਸ ਔਖੀ ਘੜੀ ਵਿੱਚ ਦੋਵੇਂ ਸਰਕਾਰਾਂ ਵੱਲੋਂ ਮੂੰਹ ਮੋੜਨ ਦਾ ਜਵਾਬ ਸੂਬੇ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ। ਇਸ ਮੌਕੇ ਜਸਵਿੰਦਰ ਸਿੰਘ ਮਾਂਗਟ ਜ਼ਿਲ੍ਹਾ ਮੀਤ ਪ੍ਰਧਾਨ, ਬਲਵੰਤ ਰਾਏ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਮਨਜੀਤ ਸਿੰਘ ਗੁਰੂ, ਰਾਜਵਿੰਦਰ ਸਿੰਘ ਰਾਜੂ ਕਲਾਲਾ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ।