ਕੇਂਦਰੀ ’ਵਰਸਿਟੀ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ’ਤੇ ਵਿਸ਼ੇਸ਼ ਲੈਕਚਰ
ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਰਮਨਦੀਪ ਕੌਰ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਦਕਿ ਡਾ. ਰੂਬਲ ਕਨੋਜੀਆ ਨੇ ਮੁੱਖ ਬੁਲਾਰੇ ਦਾ ਪਰਿਚੈ ਦਿੱਤਾ। ’ਵਰਸਿਟੀ ਦੇ ਇਸ ਸਮਾਗਮ ਦੌਰਾਨ ਪ੍ਰੋ. ਮਾਨ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਨੂੰ ਇਤਿਹਾਸਕ, ਖੋਜ-ਅਧਾਰਤ ਤੇ ਡੂੰਘੇ ਤਰੀਕੇ ਨਾਲ ਪੇਸ਼ ਕੀਤਾ। ਉਨ੍ਹਾਂ ਮੁੱਢਲੀਆਂ ਸਿੱਖ ਹੱਥ ਲਿਖਤਾਂ, ਦਸਤਾਵੇਜ਼ਾਂ ਅਤੇ ਟਕਸਾਲੀ ਪਰੰਪਰਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਸਿੱਖ ਧਰਮ ਦੀ ਨੀਂਹ ਸੱਚ, ਅਨੁਸ਼ਾਸਨ, ਚਰਿੱਤਰ ਨਿਰਮਾਣ ਅਤੇ ਆਤਮਿਕ ਅਧਿਐਨ ’ਤੇ ਟਿਕੀ ਹੈ। ਪ੍ਰੋ. ਮਾਨ ਨੇ ਇਹ ਵੀ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਸਿਰਫ਼ ਇਤਿਹਾਸਕ ਘਟਨਾ ਨਹੀਂ ਸਗੋਂ ਧਰਮ, ਜ਼ਮੀਰ ਦੀ ਆਜ਼ਾਦੀ ਅਤੇ ਸਮਾਜਿਕ ਸਦਭਾਵਨਾ ਲਈ ਦਿੱਤੀ ਅਦੁੱਤੀ ਕੁਰਬਾਨੀ ਹੈ।
ਇਸ ਦੌਰਾਨ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਪ੍ਰੋ. ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਮੁੱਲ ਨਿਆਂ, ਦਇਆ ਤੇ ਨਿਡਰਤਾ ਅੱਜ ਵੀ ਸਮਾਜ ਲਈ ਪ੍ਰੇਰਣਾ ਹਨ। ਅੰਤ ਵਿੱਚ ਪ੍ਰੋ. ਬਾਵਾ ਸਿੰਘ ਨੇ ਮੁੱਖ ਬੁਲਾਰੇ, ਫੈਕਲਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
