ਹਰਿਆਣਾ ’ਚ ਕਤਲ, ਅਗਵਾ ਅਤੇ ਜਬਰ-ਜਨਾਹ ਦੇ ਮਾਮਲੇ ਵਧੇ: ਸ਼ੈਲਜਾ
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਕਾਸ ਦੀ ਗੱਲ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਰਾਜ ਵਿੱਚ ਜੰਗਲ ਰਾਜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਨਾ ਸਰਕਾਰ ਦੀ ਗੱਲ ਸੁਣ ਰਹੇ ਹਨ ਤੇ ਨਾ ਜਨਤਾ ਦੀ। ਅਪਰਾਧੀਆਂ ਨੂੰ ਪੁਲੀਸ ਦਾ ਕੋਈ ਡਰ ਨਹੀਂ ਹੈ। ਰਾਜ ਵਿੱਚ ਹਰ ਰੋਜ਼ ਕਤਲ, ਡਕੈਤੀਆਂ, ਅਗਵਾ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਧੰਦਾ ਵਧਦਾ ਜਾ ਰਿਹਾ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮੌਤਾਂ ਰੋਜ਼ਾਨਾ ਹੋ ਰਹੀਆਂ ਹਨ।
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਵਿੱਚ ਸਰਕਾਰ ਕੰਮ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਦੀ ਸਮਾਜਿਕ ਪ੍ਰਗਤੀ ਸੂਚਕ ਅੰਕ ਰਿਪੋਰਟ ਦੇ ਅਨੁਸਾਰ ਹਰਿਆਣਾ ਦੇਸ਼ ਦੇ ਸਭ ਤੋਂ ਅਸੁਰੱਖਿਅਤ ਰਾਜਾਂ ਵਿੱਚੋਂ ਇੱਕ ਹੈ। ਰਾਜ ਵਿੱਚ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ। ਅਪਰਾਧੀਆਂ ਨੂੰ ਕਿਸੇ ਦੀ ਡਰ ਨਹੀਂ ਰਿਹਾ। ਸ਼ੈਲਜਾ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਅਪਰਾਧ ਨੂੰ ਰੋਕਣ ’ਤੇ ਧਿਆਨ ਕੇਂਦਰਿਤ ਨਹੀਂ ਕਰ ਰਹੀ ਹੈ ਅਤੇ ਪੁਲੀਸ ’ਤੇ ਉਸ ਦਾ ਕੋਈ ਕੰਟਰੋਲ ਨਹੀਂ ਹੈ, ਜਿਸ ਕਾਰਨ ਅਪਰਾਧੀ ਬੇਲਗਾਮ ਹੋ ਰਹੇ ਹਨ। ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਦਾਅਵਾ ਕਰਦੇ ਹਨ ਕਿ ਅਪਰਾਧ ਕੰਟਰੋਲ ਵਿੱਚ ਹੈ ਅਤੇ ਕਾਨੂੰਨ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਦੋਂਕਿ ਸੂਬੇ ਵਿੱਚ ਸਥਿਤੀ ਅਜਿਹੀ ਹੈ ਕਿ ਹਰ ਰੋਜ਼ ਕਤਲ, ਡਕੈਤੀਆਂ, ਅਗਵਾ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਸ਼ਰੇਆਮ ਹੋ ਰਹੇ ਹਨ।
