ਸੁਪਾਰੀ ਦੇਣ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਤਲਵੰਡੀ ਭਾਈ, 25 ਜੂਨ
ਥਾਣਾ ਘੱਲ ਖ਼ੁਰਦ ਦੀ ਪੁਲੀਸ ਨੇ ਸੁਪਾਰੀ ਦੇ ਕੇ ਇੱਕ ਪਰਿਵਾਰ ਦਾ ਜਾਨੀ-ਮਾਲੀ ਨੁਕਸਾਨ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸੁਪਾਰੀ ਦੇਣ ਵਾਲੇ ਇੱਕ ਵਿਅਕਤੀ ’ਤੇ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਕਮਲ ਕੁਮਾਰ ਵਾਸੀ ਵਾਰਡ ਨੰਬਰ 9, ਮੁੱਦਕੀ ਵਜੋਂ ਹੋਈ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਮੁੱਦਕੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਮੁਲਜ਼ਮ ਨੇ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜਾਨੀ-ਮਾਲੀ ਨੁਕਸਾਨ ਕਰਨ ਲਈ ਕਾਬਲ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ 50 ਹਜ਼ਾਰ ਰੁਪਏ 'ਚ ਸੌਦਾ ਤੈਅ ਕੀਤਾ ਹੈ ਅਤੇ ਪੇਸ਼ਗੀ ਵਜੋਂ 20 ਹਜ਼ਾਰ ਰੁਪਏ ਕਾਬਲ ਸਿੰਘ ਨੂੰ ਦੇ ਚੁੱਕਾ ਹੈ। ਇਸ ਦਾ ਖ਼ੁਲਾਸਾ ਸੁਪਾਰੀ ਲੈਣ ਵਾਲੇ ਖ਼ੁਦ ਕਾਬਲ ਸਿੰਘ ਨੇ ਸ਼ਿਕਾਇਤ ਕਰਤਾ ਕੋਲ ਕੀਤਾ ਹੈ, ਜਿਸ ਦੀ ਵੀਡੀਓ ਵਗ਼ੈਰਾ ਵੀ ਸ਼ਿਕਾਇਤ ਕਰਤਾ ਪਾਸ ਮੌਜੂਦ ਹੈ। ਸੁਪਾਰੀ ਦੇਣ ਦੀ ਵਜ੍ਹਾ ਪੈਸੇ ਦੇ ਲੈਣ-ਦੇਣ ਦੀ ਹੈ। ਸ਼ਿਕਾਇਤ ਦੀ ਜਾਂਚ ਉਪਰੰਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ।