ਨੰਬਰ ਪਲੇਟਾਂ ਬਣਾਉਣ ਦੇ ਦੋਸ਼ ਹੇਠ ਕੇਸ ਦਰਜ
ਵਾਹਨਾਂ ਦੀ ਆਰ ਸੀਜ਼ ਅਤੇ ਨੰਬਰ ਪਲੇਟਾਂ ਬਣਾ ਕੇ ਦੇਸ਼ ਭਰ ਵਿੱਚ ਸਪਲਾਈ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਾਨਸਾ ਦੀ ਸ਼ਿਕਾਇਤ ’ਤੇ ਥਾਣਾ ਝੁਨੀਰ ਦੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲੀਸ ਨੇ ਵੀ ਇਸ ਵਿਅਕਤੀ ਨੂੰ ਸੂਚਨਾ ਨੋਟਿਸ ਜਾਰੀ ਕੀਤਾ ਹੈ। ਝੁਨੀਰ ਵਾਸੀ ਇਹ ਵਿਅਕਤੀ ਸ਼ੋਸਲ ਮੀਡੀਆ ’ਤੇ ਵੀਡੀਓ ਪਾ ਕੇ ਦੇਸ਼ ਭਰ ਵਿੱਚ ਵਾਹਨਾਂ ਦੀਆਂ ਆਰ ਸੀਜ਼ ਅਤੇ ਨੰਬਰ ਪਲੇਟ ਬਣਵਾ ਕੇ ਦੇਣ ਦਾ ਪ੍ਰਚਾਰ ਕਰਦਾ ਸੀ। ਟਰਾਂਸਪੋਰਟ ਮਹਿਕਮੇ ਅਨੁਸਾਰ ਉਹ ਅਜਿਹਾ ਨਹੀਂ ਕਰ ਸਕਦਾ ਅਤੇ ਇਹ ਗੈਰ-ਕਾਨੂੰਨੀ ਹੈ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਾਨਸਾ ਗਗਨਦੀਪ ਸਿੰਘ ਨੇ ਥਾਣਾ ਝੁਨੀਰ ਦੀ ਪੁਲੀਸ ਨੂੰ ਸੋਸ਼ਲ ਮੀਡੀਆ ’ਤੇ ਇੱਕ ਵਰਮਾ ਨਾਮੀ ਵਿਅਕਤੀ ਵੱਲੋਂ ਨੰਬਰ ਪਲੇਟਾਂ ਅਤੇ ਆਰ ਸੀਜ਼ ਬਣਾਉਣ ਦੀਆਂ ਪੋਸਟਾਂ ਵੇਖਣ ਤੋਂ ਬਾਅਦ ਉਸ ਦੇ ਖ਼ਿਲਾਫ਼ ਕਾਰਵਾਈ ਹਿੱਤ ਲਈ ਪੱਤਰ ਭੇਜਿਆ। ਉਨ੍ਹਾਂ ਕਿਹਾ ਕਿ ਇਹ ਸਭ ਗੈਰ-ਕਾਨੂੰਨੀ ਹੈ, ਜਿਸ ਦਾ ਨੋਟਿਸ ਲੈਣਾ ਚਾਹੀਦਾ ਹੈ। ਥਾਣਾ ਝੁਨੀਰ ਦੀ ਪੁਲੀਸ ਨੇ ਟਰਾਂਸਪੋਰਟ ਅਫ਼ਸਰ ਦੀ ਸ਼ਿਕਾਇਤ ’ਤੇ ਵਰਮਾ ਝੁਨੀਰ ਨਾਮੀ ਵਿਅਕਤੀ ਦੇ ਖ਼ਿਲਾਫ਼ ਧਾਰਾ 318 (4), 341 (2) ਬੀ ਐੱਨ ਐੱਸ ਤਹਿਤ ਮਾਮਲਾ ਦਰਜ ਕੀਤਾ ਹੈ।ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਵਹੀਕਲ ਐਕਟ ਦੇ ਵਿਰੁੱਧ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਦੇਸ਼ ਭਰ ਵਿੱਚ ਵਹੀਕਲਾਂ ਦੀਆਂ ਆਰ ਸੀਜ਼ ਅਤੇ ਨੰਬਰ ਪਲੇਟਾਂ ਬਣਾਕੇ ਦਿੰਦਾ ਹੈ, ਜਿਸ ਸਬੰਧੀ ਉਨ੍ਹਾਂ ਪੁਲੀਸ ਨੂੰ ਪੱਤਰ ਲਿਖਕੇ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਝੁਨੀਰ ਦੇ ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਡੀਟੀਓ ਦਫ਼ਤਰ ਦੀ ਸ਼ਿਕਾਇਤ ’ਤੇ ਵਰਮਾ ਝੁਨੀਰ ਨਾਮੀ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
 
 
             
            