‘ਆਪ’ ਆਗੂ ਸਣੇ ਦੇ ਖ਼ਿਲਾਫ਼ ਕੇਸ ਦਰਜ
ਬਰਨਾਲਾ: ਪੁਲੀਸ ਨੇ ਪਿਛਲੇ ਦਿਨੀਂ ਪੁਰਾਣੀ ਰਾਮ ਲੀਲਾ ਕਮੇਟੀ ਦੀ ਮੀਟਿੰਗ ਵਿੱਚ ਫੰਡਾਂ ਦੇ ਹਿਸਾਬ ਨੂੰ ਲੈ ਕੇ ਹੋਈ ਲੜਾਈ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੇ ਬਿਆਨ ’ਤੇ ‘ਆਪ’ ਦੇ ਬਾਗ਼ੀ ਆਗੂ ਰੰਜਤ ਬਾਂਸਲ ਉਰਫ਼ ਲੱਕੀ ਅਤੇ ਇੱਕ ਹੋਰ ਮੈਂਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਰਿਸ਼ੂ ਪੁੱਤਰ ਪਰਮਜੀਤ ਸਿੰਘ ਵਾਸੀ ਪੁਰਾਣਾ ਬਾਜ਼ਾਰ ਬਰਨਾਲਾ ਨੇ ਪੁਲੀਸ ਨੂੰ ਦੱਸਿਆ ਕਿ ਰਾਮ ਲੀਲਾ ਕਮੇਟੀ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਕਲਾਕਾਰਾਂ ’ਤੇ ਹੋਰ ਮੈਂਬਰਾਂ ਦੀ 10 ਸਤੰਬਰ ਰਾਤ 10 ਵਜੇ ਤੱਕ ਚੱਲੀ ਮੀਟਿੰਗ ’ਚ ਫੰਡਾਂ ਅਤੇ ਹੋਰ ਹਿਸਾਬ ਮੰਗਣ ’ਤੇ ਰੰਜਤ ਬਾਂਸਲ ਤੇ ਯੁਵਰਾਜ ਅਤੇ ਚਾਰ-ਪੰਜ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਜਾਂਚ ਮਗਰੋਂ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
ਵਿਧਾਇਕ ਨੇ ਬਿੱਟੂ ਨੂੰ ਮੰਗ ਪੱਤਰ ਸੌਂਪਿਆ
ਅਬੋਹਰ: ਵਿਧਾਇਕ ਸੰਦੀਪ ਜਾਖੜ ਨੇ ਕੱਲ੍ਹ ਇੱਥੇ ਜਾਇਜ਼ਾ ਲੈਣ ਪੁੱਜੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਮੰਗ ਪੱਤਰ ਸੌਂਪ ਕੇ ਇਲਾਕੇ ਵਿੱਚ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ। ਸ੍ਰੀ ਜਾਖੜ ਨੇ ਕਿਹਾ ਕਿ ਪਹਿਲੀ ਅਗਸਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਅਬੋਹਰ ਅਤੇ ਬੱਲੂਆਣਾ ਹਲਕੇ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਛੇ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਪਾਣੀ ਦੀ ਨਿਕਾਸੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਟੀ ਬਿੱਲਾ, ਡਾਲਮੀਰਖੇੜਾ, ਖੁਈਆਂਸਰਵਰ, ਸੈਦਾਂਵਾਲੀ, ਵਰਿਆਮਖੇੜਾ ਅਤੇ ਹੋਰ ਇਲਾਕੇ ਅਜੇ ਵੀ ਡੁੱਬੇ ਹੋਏ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਜ਼ਮੀਨ ਤੋਂ ਪੂਰੀ ਤਰ੍ਹਾਂ ਗਾਇਬ ਹੈ, ਸਥਾਨਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਜੇ ਤੱਕ ਅਬੋਹਰ ਅਤੇ ਬੱਲੂਆਣਾ ਹਲਕੇ ਦੇ ਕਿਸਾਨਾਂ ਦੀ ਦੇਖਭਾਲ ਨਹੀਂ ਕੀਤੀ। -ਪੱਤਰ ਪ੍ਰੇਰਕ
ਬਣਾਂਵਾਲਾ ਤਾਪਘਰ ਦੇ ਪ੍ਰਦੂਸ਼ਣ ਸਬੰਧੀ ਡੀਸੀ ਨੂੰ ਮਿਲਿਆ ਵਫ਼ਦ
ਮਾਨਸਾ: ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦੇ ਪ੍ਰਦੂਸ਼ਣ ਦਾ ਮਾਮਲਾ ਡੀ ਸੀ ਕੋਲ ਪੁੱਜ ਗਿਆ ਹੈ। ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦੇ ਆਗੂਆਂ ਨੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਧਿਆਨ ਦਿਵਾਊ ਮੰਗ ਪੱਤਰ ਵੀ ਸੌਂਪਿਆ। ਸੰਘਰਸ਼ ਕਮੇਟੀ ਦੇ ਆਗੂ ਖੁਸ਼ਵੀਰ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਦੇ ਕੋਠਿਆ ’ਤੇ ਤਾਪਘਰ ਦੀ ਸੁਆਹ ਉੱਡਣ ਕਾਰਨ ਕਾਲੇ ਰੰਗ ਦੀ ਪਰਤ ਜੰਮੀ ਵੇਖੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਕਥਿਤ ਜਾਅਲੀ ਮੈਡੀਕਲ ਕੈਂਪਾਂ ਰਾਹੀਂ ਭਰਮਾ ਕੇ ਅਸਲ ਪ੍ਰਦੂਸ਼ਣ ਦਾ ਮੁੱਦਾ ਦਬਾਇਆ ਜਾ ਰਿਹਾ ਹੈ। ਉਨ੍ਹਾਂ ਗ੍ਰੀਨ ਟਿ੍ਰਬਿਊਨਲ ਕੋਲ ਜਾਣ ਦੀ ਚਿਤਾਵਨੀ ਦਿੱਤੀ। -ਪੱਤਰ ਪ੍ਰੇਰਕ