ਬਲੈਕਮੇਲ ਕਰਨ ਦੇ ਦੋਸ਼ ਆਰਟੀਆਈ ਕਾਰਕੁਨ ਸਣੇ ਦੋ ਖ਼ਿਲਾਫ਼ ਕੇਸ
ਇਥੇ ਸੀਆਰਓ ਸੂਬਾ ਪ੍ਰਧਾਨ ਆਰਟੀਆਈ ਐਕਟੀਵਿਸਟ ਪੰਕਜ ਸੂਦ ਤੇ ਸੰਸਥਾ ਮੈਂਬਰ ਅਮਰ ਅਨੇਜਾ ਖ਼ਿਲਾਫ਼ ਵਪਾਰੀ ਨੂੰ ਕਥਿਤ ਬਲੈਕਮੇਲ ਕਰਕੇ 30 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਾਏ ਗਏ ਹਨ ਜਿਸ ਕਾਰਨ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਥਾਣਾ ਸਿਟੀ ਮੁਖੀ ਇਂੰਸਪੈਕਟਰ ਵਰੁਣ ਮੱਟੂ ਨੇ ਦੱਸਿਆ ਕਿ ਵਪਾਰੀ ਨਵੀਨ ਸਿੰਗਲਾ ਦੀ ਸ਼ਿਕਾਇਤ ਅਤੇ ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ ਦੇ ਹੁਕਮਾਂ ਉੱਤੇ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਮੁਢਲੀ ਜਾਂਚ ਪੜਤਾਲ ਬਾਅਦ ਸੀਆਰਓ ਸੂਬਾ ਪ੍ਰਧਾਨ ਆਰਟੀਆਈ ਐਕਟੀਵਿਸਟ ਪੰਕਜ ਸੂਦ ਤੇ ਸੰਸਥਾ ਮੈਂਬਰ ਦੱਸੇ ਜਾਂਦੇ ਅਮਰ ਅਨੇਜਾ ਖ਼ਿਲਾਫ਼ ਸੰਗੀਨ ਅਪਰਾਧ ਹੇਠ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਮੁਤਾਬਕ ਵਪਾਰੀ ਨਵੀਨ ਸਿੰਗਲਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸ ਨੇ ਗਰੇਟ ਪੰਜਾਬ ਪ੍ਰਿੰਟਿਰਜ਼ ਨਾਮ ਹੇਠ ਸਥਾਨਕ ਨਗਰ ਨਿਗਮ ਦਾ 1 ਜਨਵਰੀ 2020 ਤੋਂ 31 ਦਸੰਬਰ 2026 ਤੱਕ ਇਸ਼ਤਿਹਾਰਬਾਜ਼ੀ ਦਾ ਠੇਕਾ ਲਿਆ। ਅਮਰ ਅਨੇਜਾ ਨੇ ਉਸ ਖ਼ਿਲਾਫ਼ 400 ਤੋਂ ਵੱਧ ਵੱਖ ਵੱਖ ਵਿਭਾਗਾਂ ਵਿਚ ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਜਾਣਕਾਰੀ ਮੰਗੀ ਤੇ ਤੰਗ ਪ੍ਰੇਸ਼ਾਨ ਕੀਤਾ। ਉਸ ਨੇ ਵਾਅਦਾ ਕੀਤਾ ਕਿ ਉਸ ਖ਼ਿਲਾਫ਼ ਕੋਈ ਆਰਟੀਆਈ ਦੀ ਮੰਗ ਨਹੀਂ ਕਰੇਗਾ ਅਤੇ ਪਹਿਲਾਂ 50 ਹਜ਼ਾਰ ਰੁਪਏ ਲਏ ਜਾ ਚੁੱਕੇ ਹਨ ਅਤੇ ਹੁਣ 30 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਵਪਾਰੀ ਰਿਸ਼ੂ ਅਗਰਵਾਲ ਤੇ ਨਵੀਨ ਸਿੰਗਲਾ ਤੇ ਹੋਰ ਕਾਰੋਬਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਥਿਤ ਬਲੈਕਮੇਲਿੰਗ ਵਰਤਾਰਾ ਰੋਕਣ ਲਈ ਰੈਪਿਡ ਜਸਟਿਸ ਫੋਰਮ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਪਾਰੀ ਤੇ ਕਾਰੋਬਾਰੀ ਬਲੈਕਮੇਲ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਨੇ ਬਲੈਕਮੇਲ ਕਰਨ ਵਾਲਿਆਂ ਖ਼ਿਲਾਫ਼ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਇਸ ਬਾਅਦ ਸ਼ਹਿਰ ਦੇ ਲਗਪਗ 300 ਲੋਕਾਂ ਨੇ ਸੰਪਰਕ ਕੀਤਾ ਜੋ ਬਲੈਕਮੇਲ ਦਾ ਸ਼ਿਕਾਰ ਹੋ ਚੁੱਕੇ ਹਨ।
ਦੂਜੇ ਪਾਸੇ ਸੀਆਰਓ ਸੂਬਾ ਪ੍ਰਧਾਨ ਆਰਟੀਆਈ ਐਕਟੀਵਿਸਟ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਨ੍ਹਾਂ ਦੀ ਸੰਸਥਾਂ ਸਮਾਜ ਭਲਾਈ ਕੰਮ ਕਰ ਰਹੀ ਹੈ।