ਕਿਸਾਨ ਆਗੂ ਦਾ ਰਾਹ ਰੋਕਣ ਦੇ ਮਾਮਲੇ ’ਚ ਸਰਪੰਚ ਤੇ ਹੋਰਾਂ ਖ਼ਿਲਾਫ਼ ਕੇਸ
ਪਿੰਡ ਨੋਰੰਗ ਸਿੰਘ ਵਾਲਾ ਵਿੱਚ ਬੀਤੇ ਦਿਨੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ ਦਾ ਕਥਿਤ ਰਾਹ ਰੋਕਣ ਦੇ ਮਾਮਲੇ ਵਿੱਚ ਪਿੰਡ ਦੇ ਸਰਪੰਚ ਬੂਟਾ ਸਿੰਘ ਅਤੇ ਉਸਦੇ ਸਾਥੀਆਂ ਖ਼ਿਲਾਫ਼ ਥਾਣਾ ਮੱਲਾਂਵਾਲਾ ਵਿੱਚ ਕੇਸ ਦਰਜ ਕੀਤਾ ਗਿਆ। ਸਰਪੰਚ ਬੂਟਾ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਰਕੁਨਾਂ ਵੱਲੋਂ ਪਿੰਡ ਨੌਰੰਗ ਸਿੰਘ ਵਾਲਾ ਵਿੱਚ ਭਾਰੀ ਇਕੱਠ ਕਰਕੇ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ। ਸਰਪੰਚ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਥਾਣਾ ਮੱਲਾਂਵਾਲਾ ਦੇ ਗੇਟ ਅੱਗੇ ਧਰਨਾ ਲਗਾਏ ਜਾਣ ਦੀ ਭਿਣਕ ਪੈਂਦਿਆਂ ਹੀ ਥਾਣਾ ਮੱਲਾਂਵਾਲਾ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਪੁਲੀਸ ਪਾਰਟੀ ਨਾਲ ਪਿੰਡ ਨੌਰੰਗ ਸਿੰਘ ਵਾਲਾ ਪਹੁੰਚ ਗਏ। ਉਨ੍ਹਾਂ ਦੇ ਭਰੋਸਾ ਦਿਵਾਏ ਜਾਣ ਮਗਰੋਂ ਕਿਸਾਨਾਂ ਨੇ ਧਰਨਾ ਮੁਲਤਵੀ ਕਰ ਦਿੱਤਾ ਅਤੇ 17 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ। ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਦੱਸਿਆ ਜਥੇਬੰਦੀ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਪੰਚ ਬੂਟਾ ਸਿੰਘ ਅਤੇ ਉਸਦੇ ਬਾਕੀ ਸਾਥੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ 17 ਸਤੰਬਰ ਨੂੰ ਜ਼ਿਲ੍ਹਾ ਕਮੇਟੀ ਦੀ ਕੀਤੀ ਜਾ ਰਹੀ ਮੀਟਿੰਗ ਵਿੱਚ ਕੋਈ ਵੱਡਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਰਣਬੀਰ ਸਿੰਘ ਰਾਣਾ, ਗੁਰਮੇਲ ਸਿੰਘ ਫੱਤੇ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਸੁਖਵੰਤ ਸਿੰਘ ਲੋਹਕਾ, ਸਾਹਬ ਸਿੰਘ ਦੀਨੇਕੇ, ਵੀਰ ਸਿੰਘ ਨਿਜਾਮਦੀਨ, ਬਲਰਾਜ ਸਿੰਘ ਫੇਰੋਕੇ, ਮੱਖਣ ਸਿੰਘ ਆਦਿ ਹਾਜ਼ਰ ਸਨ।