ਸੜਕ ਹਾਦਸੇ ਵਿੱਚ ਕਾਰ ਚਾਲਕ ਹਲਾਕ, ਦੋ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
, 18 ਅਗਸਤ
ਮੁਕਤਸਰ -ਮਲੋਟ ਰੋਡ ’ਤੇ ਬੀਤੀ ਦੇਰ ਰਾਤ ਇੱਕ ਕਾਰ ਓਵਰਲੋਡ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ- ਟਰਾਲੀ ਨਾਲ ਟਕਰਾਈ ਗਈ ਜਿਸ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਜ਼ਖ਼ਮੀਹੋ ਗਏ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਆਪਣੇ ਦੋ ਸਾਥੀਆਂ ਸਮੇਤ ਆਪਣੀ ਹੋਂਡਾ ਸਿਟੀ ਕਾਰ ਰਾਹੀਂ ਰਾਤ ਲਗਪਗ 10: 20 ਵਜੇ ਮੁਕਤਸਰ ਤੋਂ ਮਲੋਟ ਜਾ ਰਿਹਾ ਸੀ। ਜਦੋਂ ਉਹ ਯਾਦਗਾਰੀ ਗੇਟ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਕਾਰ ਰਾਤ ਦੇ ਹਨੇਰੇ ਵਿੱਚ ਸਾਹਮਣੇ ਜਾ ਰਹੇ ਓਵਰਲੋਡ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ ਪਰ ਫਿਰ ਵੀ ਕਾਰ ਚਾਲਕ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੇ ਸਾਥੀ ਸੰਦੀਪ ਪੁੱਤਰ ਤਿਲਕ ਰਾਏ, ਕਾਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਬੋਹਰ ਗੰਭੀਰ ਜ਼ਖ਼ਮੀ ਹੋ ਗਏ। ਉਧਰ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਘਟਨਾ ਸਥਾਨ ’ਤੇ ਪੁੱਜੇ ਰੁਪਾਣਾ ਜਨ ਸਹਾਰਾ ਕਲੱਬ ਦੇ ਅਹੁਦੇਦਾਰ ਡਾ. ਗੁਰਮੀਤ ਸਿੰਘ ਤੇ ਰਾਜਾ ਸ਼ਰਮਾ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਸ ਮਾਮਲੇ ਦੀ ਸੂਚਨਾ ਪੁਲੀਸ ਚੌਕੀ ਪਿੰਡ ਰੁਪਾਣਾ ਨੂੰ ਦਿੱਤੀ ਗਈ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਖੜ੍ਹੇ ਵਾਹਨ ਨੂੰ ਟੱਕਰ ਮਾਰੀ, ਨੌਜਵਾਨ ਦੀ ਮੌਤ
ਤਪਾ ਮੰਡੀ (ਰੋਹਿਤ ਗੋਇਲ/ਸੀ. ਮਾਰਕੰਡਾ): ਇੱਥੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਓਵਰਬਰਿਜ ਨੇੜੇ ਪਿਕਅੱਪ ਕੈਂਟਰ ਵੱਲੋਂ ਖੜ੍ਹੇ ਪਿਕਅੱਪ ਕੈਂਟਰ ਨੂੰ ਟੱਕਰ ਮਾਰਨ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਆਪਣੇ ਪੈਂਚਰ ਹੋਏ ਵਾਹਨ ਹੇਠ ਜੈਕ ਲਾ ਰਿਹਾ ਸੀ। ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫਕੀਰਾ ਵਾਲੀ ਬੇਰੀ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਉਸਦੇ ਭਰਾ ਰਾਜਵੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸਦਾ ਛੋਟਾ ਭਰਾ ਕਸ਼ਮੀਰ ਸਿੰਘ ਤਲਵੰਡੀ ਤੋਂ ਸਬਜ਼ੀ ਦੀ ਗੱਡੀ ਭਰ ਕੇ ਵਾਇਆ ਤਪਾ ਹੋ ਕੇ ਸ਼ਹਿਰ ਬਰਨਾਲਾ ਤੋਂ ਮੋਗਾ ਜਾ ਰਹੇ ਸਨ। ਜਦੋਂ ਉਹ ਤਪਾ ਵਿੱਚ ਓਵਰਬਰਿਜ ਨੇੜੇ ਪੁੱਜੇ ਤਾਂ ਵਾਹਨ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ। ਜਦੋਂ ਉਸਦਾ ਭਰਾ ਜੈਕ ਲਾ ਰਿਹਾ ਸੀ ਤਾਂ ਇੱਕ ਹੋਰ ਪਿਕਅਪ ਨੇ ਟੱਕਰ ਮਾਰ ਦਿੱਤੀ। ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਵਿਕਰਮ ਮੀਨਾ ਵਾਸੀ ਬੀੜ ਜ਼ਿਲ੍ਹਾ ਜੈਪੁਰ (ਰਾਜਸਥਾਨ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।