ਸਮਾਜ ਸੇਵੀ ਸੰਸਥਾਵਾਂ ਵੱਲੋਂ ਮੋਮਬੱਤੀ ਮਾਰਚ
ਜਲੰਧਰ ਵਿੱਚ 13 ਸਾਲਾਂ ਮਾਸੂਮ ਬੱਚੀ ਨਾਲ ਵਾਪਰੇ ਜਬਰ-ਜਨਾਹ ਅਤੇ ਕਤਲ ਦੀ ਘਟਨਾ ਕਾਰਨ ਲੋਕਾਂ ’ਚ ਰੋਸ ਹੈ। ਇਸ ਅਪਰਾਧ ਦੇ ਮੁਲਜ਼ਮ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਤੇਜ਼ ਹੋ ਗਈ ਹੈ ਤੇ ਲੋਕਾਂ ਦਾ ਗੁੱਸਾ ਸੜਕਾਂ ’ਤੇ ਉੱਤਰ ਆਇਆ ਹੈ। ਜ਼ੀਰਾ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਅੱਜ ਬੱਚੀ ਨੂੰ ਇਨਸਾਫ ਦਵਾਉਣ ਲਈ ਸ਼ਹਿਰ ਵਿੱਚ ਮੋਮਬੱਤੀ ਮਾਰਚ ਕਰ ਕੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਹ ਮਾਰਚ ਘੰਟਾ ਘਰ ਮੁੱਖ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਡੀ ਐੱਸ ਪੀ ਦਫਤਰ ਨਜ਼ਦੀਕ ਸਮਾਪਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਇਸ ਘਟਨਾ ਨੂੰ ‘ਇਨਸਾਨੀਅਤ ਲਈ ਸ਼ਰਮ ਦੀ ਗੱਲ’ ਕਰਾਰ ਦਿੱਤਾ। ਉਨ੍ਹਾਂ ਨੇ ਸਰਕਾਰ ਤੋਂ ਜਬਰ-ਜਨਾਹ ਅਤੇ ਕਤਲ ਦੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਵਾ ਕੇ ਲੜਕੀ ਨੂੰ ਇਨਸਾਫ ਦਵਾਇਆ ਜਾਵੇ ਅਤੇ ਪਰਿਵਾਰ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਤਮੰਨਾ, ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਸਟੇਟ ਡਾਇਰੈਕਟਰ ਐੱਨ ਕੇ ਨਾਰੰਗ, ਅਗਜ਼ੈਕਟਿਵ ਮੈਂਬਰ ਕਿਰਨ ਗੌੜ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਰਮੇਸ਼ ਚੰਦਰ ,ਗੁਰਬਖਸ਼ ਸਿੰਘ ਵਿੱਜ, ਅੰਗਰੇਜ਼ ਸਿੰਘ ਅਟਵਾਲ, ਨਛੱਤਰ ਸਿੰਘ ਅਸ਼ੋਕ ਕਥੂਰੀਆ, ਸਰਦੂਲ ਸਿੰਘ ਮਰਖਾਈ, ਹਰਬੰਸ ਸਿੰਘ ਸੇਖਾ, ਹਰਭਜਨ ਸਿੰਘ, ਤਰਸੇਮ ਸਿੰਘ ਰੂਪ, ਹੈਲਪਿੰਗ ਹੈਂਡਜ਼ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ ਆਦਿ ਹਾਜ਼ਰ ਸਨ।
