ਨਹਿਰ ਹਾਦਸਾ: ਰੋਡੇ ਪੁਲ ’ਤੇ ਰੇਲਿੰਗ ਲੱਗਣੀ ਸ਼ੁਰੂ
ਪਿੰਡ ਵਰਪਾਲ ’ਚ ਫਿਰੋਜ਼ਪੁਰ ਫੀਡਰ ਪਾਰ ਕਰਦੇ ਸਮੇਂ ਮੋਟਰਸਾਈਕਲ ਸਵਾਰ ਪਰਿਵਾਰ ਦੇ ਨਹਿਰ ਵਿੱਚ ਡਿੱਗਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਹੈ। ਪ੍ਰਸ਼ਾਸਨ ਨੇ ਪੁਲ ’ਤੇ ਰੇਲਿੰਗ ਲਾਉਣ ਦਾ ਕੰਮ ਸ਼ੁੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਨਹਿਰ ਪਾਰ ਕਰਦੇ ਸਮੇਂ ਮੋਟਰਸਾਈਕਲ ਸਵਾਰ ਪਰਿਵਾਰ ਨਹਿਰ ’ਚ ਡਿੱਗ ਗਿਆ ਜਿਸ ’ਚ ਪਤੀ-ਪਤਨੀ ਤਾਂ ਬੱਚ ਗਏ ਪਰ ਉਨ੍ਹਾਂ ਦੇ ਦੋ ਬੱਚੇ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ ਸਨ। ਉਪਰੰਤ ਡੀਸੀ ਦੀਪ ਸ਼ਿਖਾ ਸ਼ਰਮਾ ਦੀਆਂ ਹਦਾਇਤਾਂ ’ਤੇ ਗੁਰਮੀਤ ਸਿੰਘ ਮਾਨ ਐੱਸਡੀਐੱਮ ਜ਼ੀਰਾ ਪੀੜਤ ਪਰਿਵਾਰ ਦੀ ਮਦਦ ਲਈ ਘਟਨਾ ਸਥਾਨ ’ਤੇ ਪਹੁੰਚੇ ਅਤੇ ਬਠਿੰਡਾ ਸੰਪਰਕ ਕਰਕੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਮੋਟਰ ਬੋਟ ਦੀ ਮਦਦ ਨਾਲ ਨਹਿਰ ਵਿੱਚੋਂ ਦੋਨਾਂ ਬੱਚਿਆਂ ਦੀ ਭਾਲ ਜਾਰੀ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉੱਥੇ ਨਜ਼ਦੀਕ ਕਿਤੇ ਵੀ ਬੱਚੇ ਨਹੀਂ ਮਿਲ ਸਕੇ। ਅੱਜ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਦੀ ਸ਼ਨਾਖਤ ਵੀ ਕਰ ਲਈ ਗਈ। ਐੱਸਡੀਐੱਮ ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨਾਲ ਇਸ ਘਟਨਾ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਘਟਨਾ ਦਾ ਕਾਰਨ ਬਣੇ ਰੋਡੇ ਪੁਲ ’ਤੇ ਭਵਿੱਖ ਵਿੱਚ ਘਟਨਾਵਾਂ ਰੋਕਣ ਲਈ ਤੁਰੰਤ ਪ੍ਰਭਾਵ ਨਾਲ ਰੇਲਿੰਗ ਲਾਉਣਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਮਾਲੀ ਮਦਦ ਦੇਣ ਲਈ ਰਿਪੋਰਟ ਤਿਆਰ ਕਰਕੇ ਭੇਜੀ ਗਈ ਹੈ ਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕੀਤੀ ਜਾਵੇਗੀ।