ਇਨਕਲਾਬੀ ਰੰਗ ਮੰਚ ਦਿਹਾੜੇ ’ਤੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ
ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ਹਰ ਸਾਲ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਮਨਾਏ ਜਾਂਦੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਗੌਰਵਮਈ ਲੜੀ ਨੂੰ ਬੁਲੰਦ ਰੱਖਦੇ ਹੋਏ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਵਿਚਾਰਵਾਨਾਂ ਅਤੇ ਕਲਾ ਜਗਤ ਨਾਲ਼ ਜੁੜੇ ਕਾਮਿਆਂ ਨੇ ਪ੍ਰਭਾਵਸ਼ਾਲੀ ਅਤੇ ਵੰਨ ਸੁਵੰਨੀਆਂ ਕਲਾ ਕਿਰਤਾਂ ਨਾਲ਼ ਭਰਪੂਰ ਸਮਾਗਮ ਕੀਤਾ।
ਨਵੀਂ ਦਿੱਲੀ ਹਾਈਕੋਰਟ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਐਡਵੋਕੇਟ ਵਰਿੰਦਾ ਗਰੋਵਰ, ਡਾ. ਨਵਸ਼ਰਨ, ਡਾ. ਅਤੁਲ, ਡਾ. ਅਰੀਤ, ਰਾਜਿੰਦਰ ਭਦੌੜ, ਬੂਟਾ ਸਿੰਘ ਮਹਿਮੂਦਪੁਰ, ਡਾ. ਪਰਮਿੰਦਰ, ਸੋਹਣ ਸਿੰਘ ਮਾਝੀ, ਅਮੋਲਕ ਸਿੰਘ ਅਤੇ ਕੰਵਲਜੀਤ ਖੰਨਾ ਮੰਚ ’ਤੇ ਸੁਸ਼ੋਭਿਤ ਹੋਏ। ਵਰਿੰਦਾ ਗਰੋਵਰ ਨੇ ਤਰਕਸ਼ੀਲ ਭਵਨ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਕਸ਼ੀਲ ਵਿਗਿਆਨਕ ਵਿਚਾਰਾਂ ਨਾਲ਼ ਲੈਸ ਹੋਣਾ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਰੂਰੀ ਲੋੜ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਕੋਲ ਆਪਣੇ ਹੱਕਾਂ ਲਈ ਸਿਰਫ਼ ਤੇ ਸਿਰਫ਼ ਆਪਣਾ ਏਕਾ ਅਤੇ ਸੰਘਰਸ਼ ਹੀ ਸੁਵੱਲੜਾ ਰਾਹ ਹੈ।
ਵਰਿੰਦਾ ਨੇ ਮੰਗ ਕੀਤੀ ਕਿ ਓਮਰ ਖ਼ਾਲਿਦ ਸਮੇਤ ਦਰਜਨਾਂ ਹੀ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸਾੜਨਾ ਬੰਦ ਕੀਤਾ ਜਾਵੇ। ਡਾ.ਨਵਸ਼ਰਨ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਦੀ ਸੋਚ ਅਤੇ ਘਾਲਣਾ ਮੰਗ ਕਰਦੀ ਹੈ ਕਿ ਅਸੀਂ ਉਹਨਾਂ ਤਾਕਤਾਂ ਦੇ ਮਨਸੂਬੇ ਨਾਕਾਮ ਕਰ ਦੇਈਏ ਜਿਹੜੇ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਜ਼ਹਿਰ ਉਗਲ ਰਹੇ ਨੇ ਅਤੇ ਕਿਸਾਨ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ।
ਡਾ. ਅਤੁਲ ਨੇ ਕਿਹਾ ਕਿ ਆਰਥਿਕ ਸਮਾਜਿਕ ਨਾਬਰਾਬਰੀ ਵਧਦੀ ਜਾ ਰਹੀ ਹੈ ਅਜਿਹੀ ਹਾਲਤ ਵਿੱਚ ਲੋਕਾਂ ਕੋਲ਼ ਇੱਕੋ ਰਾਹ ਉਹੀ ਹੈ ਜਿਸ ਬਾਰੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਲੋਕ ਜੂਝਦੇ ਰਹੇ ਹਨ।
ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਕ੍ਰਮਵਾਰ 'ਮੇਰਾ ਰੰਗ ਦੇ ਬਸੰਤੀ ਚੋਲਾ' ਅਤੇ 'ਧਰਤ ਵੰਗਾਰੇ ਤਖ਼ਤ ਨੂੰ' ਨਾਟਕ ਖੇਡੇ ਗਏ।
ਇਸ ਮੌਕੇ ਪਲਸ ਮੰਚ ਦੀਆਂ ਸੰਗੀਤ ਮੰਡਲੀਆਂ ਲੋਕ ਸੰਗੀਤ ਮੰਡਲੀ ਭਦੌੜ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਅਜਮੇਰ ਅਕਲੀਆ ਅਤੇ ਅੰਮ੍ਰਿਤ ਬੰਗੇ ਨੇ ਗੀਤਾਂ ਦਾ ਰੰਗ ਨਾਲ਼ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਰਣਜੀਤ ਲਹਿਰਾਗਾਗਾ ਵੱਲੋਂ ਪੰਜਾਬੀ ਵਿਚ ਅਨੁਵਾਦਿਤ ਹਾਵਰਡ ਫਾਸਟ ਦਾ ਵਿਸ਼ਵ ਪ੍ਰਸਿੱਧ ਨਾਵਲ ਅਮਰੀਕਨ ਇਸ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।