ਮਹਿਣਾ ਖੇੜਾ ਤੇ ਉਮੈਦਪੁਰਾ ’ਚ ਧੀਆਂ ਬਚਾਉਣ ਦਾ ਹੋਕਾ
ਸਿਹਤ ਵਿਭਾਗ ਵੱਲੋਂ ਪਿੰਡ ਮਹਿਣਾ ਖੇੜਾ ਅਤੇ ਉਮੈਦਪੁਰਾ ਵਿੱਚ ਇੱਕ ਜਾਗਰੂਕਤਾ ਰੈਲੀ ਕੀਤੀ ਗਈ , ਜਿਸ ਦਾ ਉਦੇਸ਼ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੀਆਂ ਸਮਾਜਿਕ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਸੀ। ਡਾ. ਸ਼ੀਤਲ ਅਤੇ ਡਾ. ਨੇਹਾ ਨੇ ਕਿਹਾ ਕਿ ਅੱਜ ਭਾਰਤ ਦੇ ਕਈ ਹਿੱਸਿਆਂ ਵਿੱਚ ਕੁੜੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਹ ਸਿਰਫ਼ ਅੰਕੜਿਆਂ ਦਾ ਮਾਮਲਾ ਨਹੀਂ ਸਗੋਂ ਭਵਿੱਖ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਅੱਜ ਪ੍ਰਤੀ 1000 ਮਰਦਾਂ ਪਿੱਛੇ ਸਿਰਫ਼ 943 ਔਰਤਾਂ ਹਨ ਅਤੇ ਲੜਕੀਆਂ ਦੀ ਭਰੂਣ ਹੱਤਿਆ ਵਰਗੇ ਅਪਰਾਧ ਸਮਾਜ ਦੇ ਸੰਤੁਲਨ ਨੂੰ ਵਿਗਾੜ ਰਹੇ ਹਨ। ਉਨ੍ਹਾਂ ਕਿਹਾ ਕਿ ਭਰੂਣ ਲਿੰਗ ਨਿਰਧਾਰਨ ਕਰਵਾਉਣਾ ਇੱਕ ਅਪਰਾਧ ਹੈ, ਮੁਲਜ਼ਮਾਂ ਨੂੰ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਨਾ ਸਿਰਫ਼ ਘਰ ਦਾ ਮਾਣ ਹਨ ਸਗੋਂ ਦੇਸ਼ ਦੀ ਵੀ ਸ਼ਾਨ ਹਨ। ਕੁੜੀਆਂ ਨੂੰ ਬਚਾਉਣਾ, ਸਿੱਖਿਅਤ ਕਰਨਾ ਅਤੇ ਅੱਗੇ ਵਧਾਉਣਾ ਸਾਡਾ ਫਰਜ਼ ਹੈ। ਰੈਲੀ ਵਿੱਚ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰੈਲੀ ਦੌਰਾਨ ਸਕੂਲੀ ਬੱਚੇ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਏਐਨਐਮ ਕਰਮਚਾਰੀਆਂ ਨੇ ਪਿੰਡਾਂ ਦੀਆਂ ਗਲੀਆਂ ਵਿੱਚ ਧੀਆਂ ਦੇ ਹੱਕ ਵਿੱਚ ਨਾਅਰੇ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਧੀਆਂ ਨੂੰ ਬਰਾਬਰ ਅਧਿਕਾਰ ਦੇਣ, ਉਨ੍ਹਾਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਨੂੰ ਸਤਿਕਾਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਏਐੱਨਐੱਮ ਧਰਮਵਤੀ, ਏਐੱਨਐੱਮ ਆਸ਼ਾ, ਆਂਗਣਵਾੜੀ ਵਰਕਰ, ਸਰਪੰਚ ਪੁਸ਼ਪਾ ਦੇਵੀ, ਅਧਿਆਪਕਾ ਮੰਜੂ ਚੌਧਰੀ ਅਤੇ ਪਿੰਡ ਵਾਸੀ ਮੌਜੂਦ ਸਨ।