ਕਲਕੱਤਾ ਕਤਲ ਕਾਂਡ: ਲੋਕਾਂ ਨੇ ਇਨਸਾਫ਼ ਲਈ ਬੰਦ ਰੱਖੇ ਬਾਜ਼ਾਰ
ਇੱਥੋਂ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ’ਚ ਅੱਜ ਪੰਜਵੇਂ ਦਿਨ ਵੀ ਧਰਨਾ ਜਾਰੀ ਰਿਹਾ। ਲੋਕਾਂ ਨੇ ਅੱਜ ਇਨਸਾਫ਼ ਲਈ ਸ਼ਹਿਣਾ ਦੇ ਸਾਰੇ ਬਾਜ਼ਾਰ ਰੋਸ ਵਜੋਂ ਬੰਦ ਰੱਖੇ ਤੇ ਇਸ ਧਰਨੇ ਵਿੱਚ 40 ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਕਈ ਪਿੰਡਾਂ ਤੋਂ ਲੋਕ ਲੰਗਰ ਵੀ ਲੈ ਕੇ ਆਏ। ਇਸ ਸਬੰਧੀ 21 ਮੈਂਬਰੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਐਕਸ਼ਨ ਕਮੇਟੀ ਦੇ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਕਮੇਟੀ ਹੁਣ ਦੋ ਨੁਕਾਤੀ ਪ੍ਰੋਗਰਾਮ ’ਤੇ ਕੰਮ ਕਰੇਗੀ, ਜਿਸ ਵਿੱਚ ਹਲਕਾ ਵਿਧਾਇਕ ਦਾ ਨਾਮ ਐੱਫ ਆਈ ਆਰ ਵਿੱਚ ਸ਼ਾਮਲ ਕਰਨਾ ਅਤੇ ਮਰਹੂਮ ਕਲਕੱਤਾ ਦੀ ਮਾਂ ਦੇ ਸਰਪੰਚ ਹੁੰਦਿਆਂ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ’ਤੇ ਪੱਲਿਓਂ ਖਰਚੇ ਪੈਸੇ ਦਿਵਾਉਣਾ ਸ਼ਾਮਲ ਹੈ। ਇਨ੍ਹਾਂ ਫ਼ੈਸਲਿਆਂ ਨੂੰ ਧਰਨੇ ’ਚ ਸ਼ਾਮਲ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਸ੍ਰੀ ਖ਼ਾਲਸਾ ਨੇ ਦੱਸਿਆ ਕਿ ਐਕਸ਼ਨ ਕਮੇਟੀ ਰਾਜਸੀ ਨਹੀਂ ਹੈ ਪ੍ਰੰਤੂ ਸਿਆਸੀ ਲੋਕ ਆਪਣੇ ਤੌਰ ’ਤੇ ਐਕਸ਼ਨ ਕਮੇਟੀ ਦੀ ਮਦਦ ਕਰ ਸਕਦੇ ਹਨ। ਦੂਸਰੇ ਪਾਸੇ ਪਰਿਵਾਰ ਨੇ ਕੋਈ ਵੀ ਸਰਕਾਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਅਮਿਤੋਜ ਮਾਨ, ਰਮਨ ਬਰਾੜ ਸਾਂਝਾ ਮੋਰਚਾ ਜ਼ੀਰਾ, ਇੰਦਰਜੀਤ ਸਿੰਘ ਘਣੀਆਂ (ਫ਼ਰੀਦਕੋਟ), ਰੂਪ ਸਿੰਘ ਢਿੱਲਵਾਂ ਭਾਰਤੀ ਕਿਸਾਨ ਯੂਨੀਅਨ, ਸੂਬੇਦਾਰ ਮੇਜਰ ਰਾਜ ਸਿੰਘ ਅਤੇ ਨਿਰਮਲ ਸਿੰਘ ਖਾਲਸਾ ਨੇ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਪਿੰਡ ਸ਼ਹਿਣਾ ਦੇ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ‘ਸਿਆਸੀ’ ਹੈ।
ਉਨ੍ਹਾਂ ਕਿਹਾ ਕਿ ਸੁਖਵਿੰਦਰ ਕਲਕੱਤਾ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਿਹਾ ਸੀ ਤੇ ਉਸ ਦਾ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ’ਚ ਮਿਹਨਤੀ ਨੌਜਵਾਨ ਸੁਰੱਖਿਅਤ ਨਹੀਂ ਹਨ। ਅੱਜ ਪੰਜਵੇਂ ਦਿਨ ਵੀ ਸੁਖਵਿੰਦਰ ਸਿੰਘ ਕਲਕੱਤਾ ਦੀ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਮੌਜੂਦਾ ਸੰਕਟ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।