ਏਲਨਾਬਾਦ ਖੇਤਰ ’ਚ ਕੇਬਲ ਚੋਰ ਗਰੋਹ ਸਰਗਰਮ
ਇਲਾਕੇ ਦੇ ਖੇਤਾਂ ’ਚ ਕੇਬਲ ਤਾਰ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਜੋ ਲਗਾਤਾਰ ਖੇਤਾਂ ਵਿੱਚੋਂ ਕੇਬਲ ਤਾਰ ਚੋਰੀ ਕਰ ਰਿਹਾ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇੱਕ ਦਿਨ ਪਹਿਲਾਂ ਚੋਰਾਂ ਨੇ ਪਿੰਡ ਮਿੱਠੀ ਸੁਰੇਰਾ ਦੇ ਸੱਤ ਖੇਤਾਂ ਵਿੱਚੋਂ ਸੋਲਰ ਪੈਨਲ ਦੀ ਲਗਪਗ 750 ਫੁੱਟ ਕੇਬਲ ਤਾਰ ਚੋਰੀ ਕਰ ਲਈ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ ਜਦਕਿ ਲੰਘੀ ਰਾਤ ਚੋਰਾਂ ਨੇ ਪਿੰਡ ਕਰਮਸ਼ਾਨਾ ਦੇ 8 ਖੇਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਪਗ 600 ਫੁੱਟ ਕੇਬਲ ਤਾਰ ਚੋਰੀ ਕਰ ਲਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਨੀਤ ਕੁਮਾਰ ਨਿਵਾਸੀ ਕਰਮਸ਼ਾਨਾ ਨੇ ਦੱਸਿਆ ਕਿ ਪਿੰਡ ਕਰਮਸ਼ਾਨਾ ਵਿੱਚ ਉਨ੍ਹਾਂ ਦੀ ਜ਼ਮੀਨ ਵਿੱਚ ਇੱਕ ਸੋਲਰ ਕੁਨੈਕਸ਼ਨ ਲੱਗਾ ਹੋਇਆ ਹੈ। ਅੱਜ ਸਵੇਰੇ ਜਦੋਂ ਉਸਨੇ ਖੇਤ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਸੋਲਰ ਕੁਨੈਕਸ਼ਨ ਦੀ ਲਗਪਗ 70 ਫੁੱਟ 6 ਐੱਮਐੱਮ ਤਾਰ ਅਤੇ ਲਗਪਗ 80 ਫੁੱਟ 1 ਐੱਮਐੱਮ ਤਾਰ ਚੋਰੀ ਹੋ ਗਈ ਸੀ। ਇਸੇ ਤਰ੍ਹਾਂ ਦੌਲਤ ਰਾਮ ਦੇ ਖੇਤ ਵਿੱਚੋਂ 50 ਫੁੱਟ ਤਾਰ, ਕੁਲਦੀਪ ਸਾਹੂ ਦੇ ਖੇਤ ’ਚੋਂ ਲਗਪਗ 70 ਫੁੱਟ ਤਾਰ, ਰਾਜਿੰਦਰ ਕੁਮਾਰ ਦੇ ਖੇਤ ’ਚੋਂ ਲਗਪਗ 70 ਫੁੱਟ ਤਾਰ, ਚਾਨਣ ਰਾਮ ਦੇ ਖੇਤ ਵਿੱਚੋਂ 60 ਫੁੱਟ, ਕੁਲਦੀਪ ਕੁਮਾਰ ਦੇ ਖੇਤ ਵਿੱਚੋਂ ਲਗਪਗ 60 ਫੁੱਟ, ਓਮ ਪ੍ਰਕਾਸ਼ ਵਾਸੀ ਕਰਮਸ਼ਾਨਾ ਦੇ ਬਿਜਲੀ ਟਿਊਬਵੈੱਲ ਕੁਨੈਕਸ਼ਨ ਤੋਂ ਲਗਪਗ 100 ਫੁੱਟ ਤਾਰ ਅਤੇ ਚੰਦਰ ਸ਼ੇਖਰ ਵਾਸੀ ਕਰਮਸ਼ਾਨਾ ਦੇ ਬਿਜਲੀ ਟਿਊਬਵੈੱਲ ਕੁਨੈਕਸ਼ਨ ਤੋਂ ਲਗਪਗ 50 ਫੁੱਟ ਤਾਰ ਚੋਰੀ ਹੋ ਗਈ ਹੈ।