ਜ਼ਿਮਨੀ ਚੋਣ: ਐੱਨਐੱਚਐੱਮ ਕਾਮਿਆਂ ਵੱਲੋਂ ‘ਆਪ’ ਦੇ ਵਿਰੋਧ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਿਵਲ ਸਰਜਨ ਮਾਨਸਾ ਨੂੰ 13 ਜੂਨ ਨੂੰ ਇੱਕ ਦਿਨ ਦੀ ਕੰਮ ਛੱਡੋ ਹੜਤਾਲ ਦਾ ਨੋਟਿਸ ਦਿੱਤਾ ਗਿਆ। ਇਸ ਹੜਤਾਲ ਦੌਰਾਨ ਸਿਹਤ ਸੰਸਥਾਵਾਂ ਵਿੱਚ ਐੱਨਸੀਡੀ ਸਕਰੀਨਿੰਗ ਕੰਪੇਨ, ਓਪੀਡੀ, ਕਲੀਨੀਕਲ ਡਿਊਟੀਆਂ, ਦਫ਼ਤਰੀ ਰਿਪੋਰਟਿੰਗ ਦਾ ਕੰਮ, ਆਨਲਾਈਨ ਅਤੇ ਆਫਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਨੇ ਕਿਹਾ ਕਿ ਐੱਨਐੱਚਐੱਮ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਹਰ ਮਹੀਨੇ ਫੰਡ ਬਹੁਤ ਹੀ ਲੇਟ ਮਹੀਨੇ ਦੇ ਅਖੀਰ ਵਿੱਚ ਭੇਜਿਆ ਜਾਂਦਾ ਹੈ, ਜਿਸ ਕਰਕੇ ਕਰਮਚਾਰੀਆਂ ਨੂੰ ਤਨਖਾਹ ਮਹੀਨੇ ਦੇ ਅੰਤ ਵਿਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਥੇਬੰਦੀ ਦੇ ਆਗੂ ਲਵਲੀ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਅਣਗੌਲਿਆ ਕੀਤਾ ਹੈ ਅਤੇ ਮੌਜੂਦਾ ਸਰਕਾਰ ਦੀ ਨੀਤੀਆਂ ਨੇ ਕੱਚੇ ਕਰਮਚਾਰੀਆਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਐੱਨਐੱਚਐੱਮ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਤਨਖਾਹਾਂ ਸਮੇਂ-ਸਿਰ ਜਾਰੀ ਕੀਤੀਆਂ ਜਾਣ ਅਤੇ ਕਰਮਚਾਰੀਆਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਸਮੇ-ਸਿਰ ਨਾ ਹੋਣ ਦੀ ਸੂਰਤ ਵਿੱਚ ਅੱਕੇ ਹੋਏ ਮੁਲਾਜ਼ਮਾਂ ਵੱਲੋਂ ਲੁਧਿਆਣਾ ਪੱਛਮੀ ਹਲਕੇ ਵਿੱਚ ਦੀ ਉਪ ਚੋਣ ਦੌਰਾਨ ਮੌਜੂਦਾ ਸੱਤਾਧਾਰੀ ਪਾਰਟੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਰਮਵੀਰ ਕੌਰ, ਜਗਦੇਵ ਸਿੰਘ, ਵਿਸ਼ਵਦੀਪ ਸਿੰਘ, ਰਾਜਵੀਰ ਕੌਰ, ਵਰਿੰਦਰ ਮਹਿਤਾ, ਦੀਪ ਸ਼ਿਖਾ, ਮੀਨਾਕਸ਼ੀ, ਰੋਬਿਨ ਮਿੱਤਲ, ਸ਼ਰਨਜੀਤ ਕੌਰ, ਰੇਨੂੰ ਸਿੰਗਲਾ, ਅਵਤਾਰ ਸਿੰਘ ਤੇ ਸੰਦੀਪ ਸਿੰਘ ਵੀ ਮੌਜੂਦ ਸਨ।