ਰਾਹਤ ਦੀ ਸਾਹ: ਬਠਿੰਡਾ ਏਮਸ ਨੇ ਕੱਟੇ ਮਾਲਵਈਆਂ ਦੇ ਰੋਗ
ਬਠਿੰਡਾ ਏਮਸ ਨੇ ਮਾਲਵਾ ਖੇਤਰ ਦੇ ਮਰੀਜ਼ਾਂ ਦੇ ਰੋਗ ਕੱਟ ਦਿੱਤੇ ਹਨ। ਪਹਿਲਾਂ ਲੋਕਾਂ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਜਾਣਾ ਪੈਂਦਾ ਸੀ ਪਰ ਬਠਿੰਡਾ ਏਮਸ ਬਣਨ ਨਾਲ ਲੋਕਾਂ ਨੂੰ ਚੰਡੀਗੜ੍ਹ ਪੀਜੀਆਈ ਨਹੀਂ ਜਾਣਾ ਪੈਂਦਾ। ਅਜਿਹੇ ਵਿੱਚ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋ ਰਹੀ ਹੈ। ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਮਰੀਜ਼ਾਂ ਲਈ ਏਮਸ ’ਚ ਸਸਤਾ ਇਲਾਜ ਕਿਸੇ ਰਾਹਤ ਤੋਂ ਘੱਟ ਨਹੀਂ ਹੈ। ਇਥੇ ਗ਼ਰੀਬ ਮਰੀਜ਼ਾਂ ਨੂੰ ਸਰਕਾਰੀ ਯੋਜਨਾ ਤਹਿਤ ਮੁਫ਼ਤ ਇਲਾਜ ਮਿਲ ਰਿਹਾ ਹੈ। ਬਠਿੰਡਾ ਏਮਸ ’ਚ ਕਿਡਨੀ ਟਰਾਂਸਪਲਟ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਹੈ। ਏਮਸ ਦੀ ਓਪੀਡੀ ਵਿੱਚ ਰੋਜ਼ਾਨਾ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਲੱਗਦੀਆਂ ਹਨ ਅਤੇ ਇਥੇ ਦੂਰ-ਦਰਾਡੇ ਤੋਂ ਲੋਕ ਇਲਾਜ ਲਈ ਆਉਂਦੇ ਹਨ। ਏਮਸ ’ਚ ਮਰੀਜ਼ਾਂ ਦੀ ਗਿਣਤੀ ਐੈਨੀ ਹੈ ਕਿ ਓਪੀਡੀ ਵਿੱਚ ਲੱਗੀਆਂ ਕੁਰਸੀਆਂ ਵੀ ਘੱਟ ਜਾਂਦੀਆਂ ਹਨ ਅਤੇ ਲੋਕਾਂ ਨੂੰ ਆਪਣੀ ਦੀ ਉਡੀਕ ਫਰਸ਼ ’ਤੇ ਬੈਠ ਕੇ ਕਰਨੀ ਪੈਂਦੀ ਹੈ।
ਅਬੋਹਰ ਤੋਂ ਆਏ ਗੁਰਮੇਲ ਸਿੰਘ ਨੇ ਆਖਿਆ ਕਿ ਉਹ ਆਪਣੀ ਪਤਨੀ ਦੇ ਦਿਲ ਦਾ ਇਲਾਜ ਕਰਵਾਉਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਏਮਸ ਬਣਨ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਲਈ ਚੰਡੀਗੜ੍ਹ ਪੀਜੀਆਈ ਜਾਣਾ ਕਾਫੀ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਬੱਚ ਰਹੇ ਹਨ।
ਮਾਨਸਾ ਜ਼ਿਲ੍ਹੇ ਦੇ ਬੀਰੋਕੇ ਕਲਾਂ ਤੋਂ ਆਏ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੇਟ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹੈ। ਉਨ੍ਹਾਂ ਆਖਿਆ ਕਿ ਏਮਸ ਦੇ ਮਾਹਿਰ ਡਾਕਟਰਾਂ ਨੇ ਉਸ ਦਾ ਸਹੀ ਇਲਾਜ ਕਰ ਕੇ ਉਸ ਨੂੰ ਤੰਦਰੁਸਤ ਕਰ ਦਿੱਤਾ ਹੈ। ਰਾਮਪੁਰਾ ਫੂਲ ਤੋਂ ਅੱਖਾਂ ਦੇ ਇਲਾਜ ਲਈ ਆਈ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਅੱਖਾਂ ਵਿੱਚ ਜਨੇਊ ਤੋਂ ਪੀੜਤ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਇਆ ਪਰ ਏਮਸ ’ਚ ਦਿਮਾਗ ਦੇ ਰੋਗਾਂ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਾਂਝੇ ਉਪਰਾਲੇ ਸਦਕਾ ਉਸ ਦਾ ਇਲਾਜ ਸੰਭਵ ਹੋ ਸਕਿਆ ਹੈ। ਉਨ੍ਹਾਂ ਆਖਿਆ ਕਿ ਇਥੇ ਆ ਕੇ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਬੱਚ ਗਏ ਹਨ।
ਸਿਰਸਾ ਤੋਂ ਆਏ ਇੱਕ ਮਰੀਜ਼ ਨੇ ਆਖਿਆ ਕਿ ਉਨ੍ਹਾਂ ਨੂੰ ਇਥੇ ਆ ਕੇ ਰਾਹਤ ਹੈ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਏਮਸ ਨੇੜੇ ਪੈਂਦਾ ਹੈ ਪਰ ਇਥੇ ਹਾਲੇ ਵੀ ਡਾਕਟਰਾਂ ਤੇ ਮਸ਼ੀਨਾਂ ਦੀ ਘਾਟ ਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਵੱਡਾ ਅੜਿੱਕਾ ਹਨ।
ਮਾਨਸਾ ਤੋਂ ਆਏ ਇੱਕ ਮਰੀਜ਼ ਦੇ ਪਰਿਵਾਰਕ ਮੈਂਬਰ ਨੇ ਆਖਿਆ ਕਿ ਉਹ ਹੱਡੀਆਂ ਦੇ ਡਾਕਟਰ ਕੋਲ ਆਉਂਦੇ ਹਨ ਤੇ ਵਾਰੀ ਆਉਣ ’ਚ ਕਈ ਵਾਰ 2-3 ਘੰਟੇ ਲੱਗ ਜਾਂਦੇ ਹਨ। ਜੇ ਡਾਕਟਰਾਂ ਦੀ ਗਿਣਤੀ ਵੱਧ ਜਾਵੇ ਤਾਂ ਇਹ ਮੁਸ਼ਕਲ ਘੱਟ ਹੋ ਸਕਦੀ ਹੈ।
ਏਮਸ ਨੂੰ 500 ਬੈੱਡਾਂ ਦੀ ਹੋਰ ਲੋੜ: ਸੁਪਰਡੈਂਟ
ਏਮਸ ਦੇ ਸੁਪਰਡੈਂਟ ਡਾ. ਰਜੀਵ ਗੁਪਤਾ ਦਾ ਕਹਿਣਾ ਹੈ ਕਿ ਏਮਸ ਦੀ ਓਪੀਡੀ ਵਿੱਚ ਰੋਜ਼ਾਨਾ ਢਾਈ ਤੋਂ ਤਿੰਨ ਹਜ਼ਾਰ ਮਰੀਜ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਏਮਸ ਬਣਨ ਨਾਲ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਤੋਂ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਥੇ ਕਿਡਨੀ ਟਰਾਂਸਪਲਟ, ਹਾਰਟ ਸਰਜਰੀ ਸਮੇਤ ਹੋਰ ਸਫ਼ਲਤਾ ਪੂਰਵਕ ਅਪਰੇਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਦੀ ਟੀਮ ਦਿਨ ਰਾਤ ਅਪਰੇਸ਼ਨ ਕਰ ਰਹੀ ਹੈ ਪਰ ਫਿਰ ਵੀ ਦਿਲ ਦੇ ਰੋਗਾਂ ਨਾਲ ਬਿਮਾਰੀ ਨਾਲ ਸਬੰਧਤ 1600 ਦੇ ਕਰੀਬ ਅਪਰੇਸ਼ਨ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਜੇਕਰ 500 ਬੈੱਡਾਂ ਦਾ ਹਸਪਤਾਲ ਹੋਰ ਮਿਲ ਜਾਵੇ ਤਾਂ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੀਜੀਆਈ ਇਲਾਜ ਕਰਵਾਉਣ ਵਾਲੇ ਮਰੀਜ਼ ਹੁਣ ਇਲਾਜ ਲਈ ਏਮਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਹਰਿਆਣਾ, ਜੰਮੂ ਕਸ਼ਮੀਰ, ਉੱਤਰਾ ਖੰਡ ਤੇ ਉੱਤਰ ਪ੍ਰਦੇਸ਼ ਤੋਂ ਮਰੀਜ਼ ਆ ਰਹੇ ਹਨ।