ਬਰਨਾਲਾ ’ਚ ਪੁਸਤਕ ‘ਕਈ ਜੁਗਨੂੰ ਕਈ ਤਾਰੇ’ ਲੋਕ ਅਰਪਣ
ਪੰਜਾਬੀ ਸਾਹਿਤ ਸਭਾ ਤਪਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਐੱਸਐੱਸਡੀ ਕਾਲਜ ’ਚ ਪੱਤਰਕਾਰ ਤੇ ਲੇਖਕ ਸੀ. ਮਾਰਕੰਡਾ ਦੀ ਪੁਸਤਕ 'ਕਈ ਜੁਗਨੂੰ ਕਈ ਤਾਰੇ' ਲੋਕ ਅਰਪਣ ਕੀਤੀ ਗਈ। ਪੁਸਤਕ ਨੂੰ ਲੋਕ ਅਰਪਣ ਅਰਪਣ ਕਰਨ ਦੀ ਰਸਮ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਨਗਰ ਕੌਂਸਲ ਤਪਾ ਦੀ ਪ੍ਰਧਾਨ ਡਾ. ਸੋਨਿਕਾ ਬਾਂਸਲ, ਲੀਲਾ ਵਤੀ ਮਾਰਕੰਡਾ, ਭੋਲਾ ਸਿੰਘ ਸੰਘੇੜਾ, ਰਾਕੇਸ਼ ਜਿੰਦਲ, ਡਾ. ਬਾਲ ਚੰਦ ਬਾਂਸਲ ਅਤੇ ਡਾ. ਨਰੇਸ਼ ਗੁਪਤਾ ਵੀ ਮੌਜੂਦ ਸਨ।
ਸ੍ਰੀ ਉੱਗੋਕੇ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਜਿਹੀਆਂ ਪੁਸਤਕਾਂ ਦੀ ਸਮਾਜ ਨੂੰ ਅੱਜ ਵਧੇਰੇ ਜ਼ਰੂਰਤ ਹੈ। ਸੀ. ਮਾਰਕੰਡਾ ਨੇ ਇਸ ਪੁਸਤਕ ਦੀ ਸਿਰਜਣਾ ਕਰਕੇ ਮਾਲਵੇ ਦੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਪੁਸਤਕਾਂ ਨੂੰ ਸੰਭਾਲਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਆਧੁਨਿਕ ਕਿਸਮ ਦੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕਰਵਾ ਰਹੀ ਹੈ। ਇਸਮੌਕੇ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਮਨੀ ਅੰਮ੍ਰਿਤਸਰੀ ਦੇ ਗ਼ਜ਼ਲ ਗਾਇਨ ਨਾਲ ਹੋਈ ਜਿਸ ਵਿਚ ਰਾਮ ਸਰੂਪ ਸ਼ਰਮਾ, ਤੇਜਿੰਦਰ ਮਾਰਕੰਡਾ, ਜਗਤਾਰ ਜਜ਼ੀਰਾ, ਜਗਜੀਤ ਕੌਰ ਢਿਲਵਾਂ, ਉਜਾਗਰ ਸਿੰਘ ਮਾਨ, ਲਛਮਣ ਦਾਸ ਮੁਸਾਫਿਰ, ਰਘਵੀਰ ਸਿੰਘ ਗਿੱਲ ਅਤੇ ਟੇਕ ਢੀਂਗਰਾ ਚੰਦ ਆਦਿ ਨੇ ਭਾਗ ਲਿਆ। ਇਸ ਮੌਕੇ ਭੁਪਿੰਦਰ ਬਰਨਾਲਾ, ਸੱਤ ਪਾਲ ਮਾਨ, ਹਾਕਮ ਸਿੰਘ ਚੌਹਾਨ, ਕ੍ਰਿਸ਼ਨ ਚੰਦ ਸਿੰਗਲਾ, ਡਾ. ਨਰੇਸ਼ ਗੁਪਤਾ ਨੇ ਵੀ ਹਾਜ਼ਰੀ ਲਵਾਈ। ਮੰਚ ਸੰਚਾਲਨ ਜਗਜੀਤ ਕੌਰ ਢਿਲਵਾਂ ਨੇ ਬਾਖ਼ੂਬੀ ਨਿਭਾਇਆ।