ਮਹਿਲ ਕਲਾਂ ਦੇ ਨੌਜਵਾਨ ਦੀ ਲਾਸ਼ ਆਸਟਰੇਲੀਆ ਤੋਂ ਪਿੰਡ ਲਿਆਂਦੀ
ਪਿੰਡ ਮਹਿਲ ਕਲਾਂ ਦੇ ਨੌਜਵਾਨ ਵਲੋਂ ਪਿਛਲੇ ਮਹੀਨੇ ਆਸਟਰੇਲੀਆ ਵਿੱਚ ਘਰੇਲੂ ਕਲੇਸ਼ ਤੋਂ ਦੁਖ਼ੀ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਅੱਜ ਪਿੰਡ ਪਹੁੰਚੀ ਅਤੇ ਬਹੁਤ ਹੀ ਗਮਗ਼ੀਨ ਮਾਹੌਲ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸਰਬਜੀਤ ਸਿੰਘ (41) 2015 ਵਿੱਚ ਵਿਆਹ ਤੋਂ ਬਾਅਦ ਸਪਾਊਸ ਵੀਜ਼ੇ ’ਤੇ ਆਸਟਰੇਲੀਆ ਗਿਆ ਸੀ ਅਤੇ ਉਹ ਦੋ ਬੱਚਿਆਂ ਦਾ ਪਿਤਾ ਸੀ। ਪਿਛਲੇ ਕੁਝ ਸਮੇਂ ਤੋਂ ਉਸ ਦਾ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਉਸ ਦੀ ਪਤਨੀ ਨੇ ਜੂਨ ਮਹੀਨੇ ਉਸ ਨੂੰ ਗ੍ਰਿਫ਼ਤਾਰ ਵੀ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਉਹ 4 ਸਤੰਬਰ ਨੂੰ ਹਿਰਾਸਤ ’ਚੋਂ ਬਾਹਰ ਆਇਆ। ਪਰਿਵਾਰ ਨੇ ਦੋਸ਼ ਲਾਇਆ ਉਸ ਦੀ ਪਤਨੀ ਆਪਣੇ ਬੱਚਿਆਂ ਤੋਂ ਵੱਖ ਹੋ ਕੇ ਰਹਿਣ ਲੱਗੀ ਸੀ ਅਤੇ ਉਸ ਦੀ ਕਈ ਸਾਲਾਂ ਦੀ ਕਮਾਈ ਵੀ ਆਪਣੇ ਕਬਜ਼ੇ ਵਿੱਚ ਲੈ ਗਈ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾ ਰਾਣੀ, ਅਰੁਣ ਕੁਮਾਰ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।