ਆਜ਼ਾਦੀ ਘੁਲਾਟੀਏ ‘ਸ਼ਾਂਤ’ ਦੇ 94ਵੇਂ ਜਨਮ ਦਿਨ ਮੌਕੇੇ ਖੂਨਦਾਨ ਕੈਂਪ
ਸ਼ਾਂਤ ਫਾਊਂਡੇਸ਼ਨ ਵੱਲੋਂ ਸੁਤੰਤਰਤਾ ਸੈਨਾਨੀ ਗੁਰਦੇਵ ਸਿੰਘ ਸ਼ਾਂਤ ਦੇ 94ਵੇਂ ਜਨਮ ਦਿਨ ਅਤੇ ‘ਭਾਰਤ ਛੱਡੋ’ ਅੰਦੋਲਨ ਦੀ 83ਵੀਂ ਵਰੇਗੰਢ ਮੌਕੇ ਸਿਵਲ ਹਸਪਤਾਲ ਡੱਬਵਾਲੀ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਸਿਹਤ ਵਿਭਾਗ ਦੇ ਸਹਿਯੋਗ ਸਦਕਾ ਲਾਏ ਕੈਂਪ ’ਚ 29 ਜਣਿਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ।
ਕੈਂਪ ਦਾ ਉਦਘਾਟਨ ਆਜ਼ਾਦੀ ਘੁਲਾਟੀਏ ਮਹਾਸ਼ਾ ਹੁਕਮ ਚੰਦ ਦੇ ਪੁੱਤਰ ਤੇ ਕਾਂਗਰਸ ਆਗੂ ਡਾ. ਭਾਰਤ ਭੂਸ਼ਣ ਛਾਬੜਾ ਨੇ ਕੀਤਾ, ਜਦਕਿ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਅਤੇ ਸੇਠ ਰੋਸ਼ਨ ਲਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਕੀਤੀ।
ਮੁੱਖ ਮਹਿਮਾਨ ਡਾ. ਛਾਬੜਾ ਨੇ ਕਿਹਾ ਕਿ ਗੁਰਦੇਵ ਸਿੰਘ ਸ਼ਾਂਤ ਦਾ ਜੀਵਨ ਦੇਸ਼ ਅਤੇ ਸਮਾਜ ਦੀ ਸੇਵਾ ਲਈ ਅਡੋਲ ਸਮਰਪਿਤ ਰਿਹਾ। ਡਾ. ਗਿਰਧਾਰੀ ਲਾਲ ਗਰਗ ਨੇ ਮਰਹੂਮ ਗੁਰਦੇਵ ਸਿੰਘ ਸ਼ਾਂਤ ਨੂੰ ਸੱਚਾ ਦੇਸ਼ ਭਗਤ ਤੇ ਇਮਾਨਦਾਰ ਆਗੂ ਦੱਸਦਿਆਂ ਕਿਹਾ ਕਿ ਮੌਜੂਦਾ ਰਾਜਨੀਤੀ ਵਿੱਚ ਸ਼ਾਂਤ ਜਿਹੇ ਬੇਬਾਕ ਲੋਕ ਆਗੂਆਂ ਦੀ ਘਾਟ ਮਹਿਸੂਸ ਹੁੰਦੀ ਹੈ।
ਕੈਂਪ ਵਿੱਚ ਗੁਰਦੀਪ ਸਿੰਘ ਸਿੰਘੇਵਾਲਾ, ਨਵਿੰਦਰ ਸਿੰਘ ਫਤੂਹੀਵਾਲਾ, ਲਾਲਚੰਦ ਖੂਈਆਂ ਮਲਕਾਣਾ ਅਤੇ ਸ਼ੁਭਦੀਪ ਨੇ ਪਹਿਲੀ ਵਾਰ ਖੂਨਦਾਨ ਕੀਤਾ। ਬਲੱਡ ਬੈਂਕ ਇੰਚਾਰਜ ਗੁਰਤੇਜ ਮਸੀਹ ਤੇ ਸਟਾਫ ਨੇ ਵਡਮੁੱਲਾ ਯੋਗਦਾਨ ਪਾਇਆ।
ਇਸ ਮੌਕੇ ਸੀਨੀਅਰ ਇਨੇਲੋ ਆਗੂ ਸੰਦੀਪ ਚੌਧਰੀ, ਇਨੇਲੋ ਸ਼ਹਿਰੀ ਇਕਾਈ ਦੇ ਸੰਯੋਜਕ ਸੰਦੀਪ ਗਰਗ, ਭਾਕਿਊ ਉਗਰਾਹਾਂ ਲੰਬੀ ਦੇ ਮੀਤ ਪ੍ਰਧਾਨ ਪਾਲਾ ਸਿੰਘ ਕਿੱਲਿਆਂਵਾਲੀ ਤੇ ਸੁਖਵੀਰ ਸਿੰਘ ਵੜਿੰਗਖੇੜਾ, ਦਤਿੰਦਰ ਸਿੰਘ ਵੜਿੰਗਖੇੜਾ, ਮਨਜੀਤ ਸਿੰਘੇਵਾਲਾ, ਬਲਵਿੰਦਰ ਫਤੂਹੀਵਾਲਾ, ਰੁਪਿੰਦਰ ਪੰਨੀਵਾਲਾ, ਮਹੇਸ਼ ਬਾਂਸਲ, ਬਲਬੀਰ ਸਿੰਘ ਅੱਕੂ, ਯੁਵਰਾਜ ਕੋਚਰ ਤੇ ਕਪਿਲ ਬਾਂਸਲ ਮੌਜੂਦ ਸਨ।