ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੰਬੀ ਹਲਕੇ ਦੇ ਸਿੰਘੇਵਾਲਾ ਵਿਚ ‘ਆਪ’ ਆਗੂ ਦੀ ਪਟਾਕਾ ਫੈਕਟਰੀ ਵਿੱਚ ਬਲਾਸਟ, ਪੰਜ ਹਲਾਕ, 27 ਜ਼ਖਮੀ

ਫੈਕਟਰੀ ਇਮਾਰਤ ਦਾ ਵੱਡਾ ਹਿੱਸਾ ਮਲਬੇ ਵਿਚ ਤਬਦੀਲ; ਮਲਬੇ ਹੇਠਾਂ ਦੱਬੀਆਂ ਦੋ ਲਾਸ਼ਾਂ ਕੱਢਣ ਲਈ ਰਾਹਤ ਕਾਰਜ ਜਾਰੀ
ਧਮਾਕੇ ਮਗਰੋਂ ਮਲਬੇ ’ਚ ਤਬਦੀਲ ਇਮਾਰਤ
Advertisement
ਇਕਬਾਲ ਸਿੰਘ ਸ਼ਾਂਤ
ਲੰਬੀ, 30 ਮਈ
ਇਥੇ ਦੇਰ ਰਾਤ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ਵਿਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ। ਜਿਸ ਵਿੱਚ ਮੁਢਲੇ ਤੌfਰ 'ਤੇ ਪੰਜ ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀਆਂ ਨੂੰ ਬਠਿੰਡਾ ਏਮਜ਼ ਵਿੱਚ ਭੇਜਿਆ ਗਿਆ ਹੈ। ਦੋ ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ।
ਹਾਦਸੇ ਵਿੱਚ ਫੈਕਟਰੀ ਦੀ ਦੋ ਮੰਜ਼ਿਲਾਂ ਬਿਲਡਿੰਗ ਪਲਾਂ ਵਿਚ ਤਾਸ਼ ਦੇ ਪੱਤਿਆਂ ਵਾਂਗ ਮਲਬੇ ਵਿਚ ਤਬਦੀਲ ਹੋ ਗਈ। ਹਾਦਸਾ ਰਾਤ ਕਰੀਬ 12:50 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿਚ ਹੋਇਆ। ਇਹ ਫੈਕਟਰੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ‘ਆਪ’ ਆਗੂ ਦੀ ਮਲਕੀਅਤ ਦੱਸੀ ਜਾ ਰਹੀ ਹੈ। ਜਦਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਥਰਸ ਉੱਤਰ ਪ੍ਰਦੇਸ਼ ਦੇ ਠੇਕੇਦਾਰ ਰਾਜ ਕੁਮਾਰ ਦੀ ਅਗਵਾਈ ਹੇਠ ਹੁੰਦਾ ਸੀ, ਜੋ ਕਿ ਘਟਨਾ ਮਗਰੋਂ ਫਰਾਰ ਦੱਸਿਆ ਜਾ ਰਿਹਾ ਹੈ।
ਮੌਕੇ ਤੋਂ ਕੌਰਸੈਰ ਕੰਪਨੀ ਦੇ ਬਕਸਿਆਂ ਵਿਚ ਬਣੇ ਹੋਏ ਪਟਾਕੇ ਪਏ ਸਨ। ਜਦਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦਾ ਇੱਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ। ਧਮਾਕੇ ਦੀ ਤੇਜ਼ ਆਵਾਜ਼ ਕਈ-ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ।
ਫੈਕਟਰੀ ਦੇ ਪੈਕਿੰਗ ਯੂਨਿਟ ਦੇ ਪਰਵਾਸੀ ਕਾਰੀਗਰਾਂ ਮੁਤਾਬਕ ਮੁਤਾਬਿਕ ਇੱਥੇ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਵੀ ਇੱਥੇ ਰਹਿੰਦੇ ਸਨ। ਜ਼ਿਆਦਾਤਰ ਮੁਲਾਜ਼ਮ ਯੂਪੀ ਅਤੇ ਬਿਹਾਰ ਨਾਲ ਸਬੰਧਤ ਦੱਸੇ ਜਾਂਦੇ ਸਨ। ਅਰੁਣ ਸਿੰਘ ਸੀਰਾ ਨਾਂ ਦੇ ਕਾਰੀਗਰ ਨੇ ਦੱਸਿਆ ਕਿ ਉਹ ਦੇਰ ਰਾਤ ਫੈਕਟਰੀ ਦੇ ਮੂਹਰੇ ਖੁੱਲ੍ਹੇ ਅਸਮਾਨ ਹੇਠਾਂ ਸੁੱਤੇ ਪਏ ਸਨ। ਅਚਾਨਕ ਧਮਾਕਾ ਹੋਇਆ ਅਤੇ ਮਿੰਟਾਂ ਸਕਿੰਟਾਂ ’ਚ ਸਮੁੱਚੀ ਬਿਲਡਿੰਗ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ ਅਤੇ ਵੱਡੀ ਗਿਣਤੀ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਸੂਚਨਾ ਮਿਲਣ 'ਤੇ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਮੌਕੇ 'ਤੇ ਪੁੱਜ ਗਈ। ਮੌਕੇ 'ਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਗ੍ਰੀਨ ਐਸ ਫੋਰਸ ਦੇ ਕਾਰਕੁਨ ਰਾਹਤ ਕਾਰਜਾਂ ਵਿਚ ਜੁਟੇ ਹੋਏ ਸਨ ਅਤੇ ਹਾਈਡਰੋ ਮਸ਼ੀਨ ਰਾਹੀਂ ਮਲਬਾ ਹਟਾ ਕੇ ਹੋਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਇਹ ਫੈਕਟਰੀ ਸਿੰਘੇ ਵਾਲਾ-ਫ਼ਤੂਹੀਵਾਲਾ ਦੇ ਤਰਸੇਮ ਸਿੰਘ ਨਾਮਕ ਵਿਅਕਤੀ ਦੀ ਹੈ, ਜੋ ਕਿ ਮਨਜ਼ੂਰਸ਼ੁਦਾ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ 'ਤੇ ਕਰੀਬ 27 ਜਣੇ ਜ਼ਖਮੀ ਅਤੇ ਪੰਜ ਜਣਿਆਂ ਦੀ ਮੌਤ ਦੀ ਸੂਚਨਾ ਹੈ। ਦੱਸਿਆ ਕਿ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਘਟਨਾ ਦੀ ਜਾਂਚ ਉਪਰੰਤ ਆਗਾਮੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਜਾ ਰਿਹਾ ਹਾਂ: ਖੁਡੀਆਂ
ਚੰਡੀਗੜ੍ਹ ਤੋਂ ਫ਼ੋਨ ’ਤੇ ਗੱਲ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜੋ ਲੰਬੀ ਤੋਂ ਵਿਧਾਇਕ ਵੀ ਹਨ, ਨੇ ਕਿਹਾ, ‘‘ਇਹ ਇੱਕ ਮੰਦਭਾਗੀ ਅਤੇ ਦੁਖਦਾਈ ਘਟਨਾ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ। ਸਿੰਘੇਵਾਲਾ ਪਿੰਡ ਦਾ ਫੈਕਟਰੀ ਮਾਲਕ ਤਰਸੇਮ ਸਿੰਘ ‘ਆਪ’ ਦਾ ਸਮਰਥਕ ਹੈ, ਪਰ ਇਹ ਕਿਸੇ ਨੂੰ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦਾ। ਕਾਨੂੰਨ ਆਪਣਾ ਕੰਮ ਕਰੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਸੁਣਿਆ ਹੈ ਕਿ ਉਸ ਨੇ ਵਿਭਾਗੀ ਇਜਾਜ਼ਤ ਲਈ ਅਰਜ਼ੀ ਦਿੱਤੀ ਸੀ, ਜੋ ਅਜੇ ਤੱਕ ਨਹੀਂ ਦਿੱਤੀ ਗਈ। ਮੈਂ ਚੰਡੀਗੜ੍ਹ ਤੋਂ ਹਸਪਤਾਲ ਅਤੇ ਘਟਨਾ ਸਥਾਨ ’ਤੇ ਜ਼ਖਮੀਆਂ ਨੂੰ ਮਿਲਣ ਲਈ ਜਾ ਰਿਹਾ ਹਾਂ।’’
Advertisement