ਝੋਨੇ ’ਤੇ ਕਾਲਾ ਤੇਲਾ ਤੇ ਪੱਤਾ ਲਪੇਟ ਸੁੰਡੀ ਦਾ ਹਮਲਾ
ਮਾਲਵਾ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਇਕਦਮ ਖੁਸ਼ਕ ਹਵਾਵਾਂ ਚੱਲਣ ਕਾਰਨ ਝੋਨੇ ਦੀ ਫ਼ਸਲ ਨੂੰ ਕਾਲਾ ਤੇਲਾ ਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਨੇ ਦੱਬ ਲਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿਚ ਘਬਰਾਹਟ ਪਾਈ ਜਾਣ ਲੱਗੀ ਹੈ ਅਤੇ ਉਹ ਇਸ ਤੋਂ ਬਚਾਓ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਲੱਗੇ ਹਨ। ਉਧਰ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਪਰੇਆਂ ਸੋਚ-ਸਮਝਕੇ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਿਥੇ ਪਛੇਤੇ ਝੋਨੇ ਨੂੰ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹਾਂ ਦਾ ਲਾਭ ਹੋਇਆ ਹੈ, ਉਥੇ ਅਗੇਤੇ ਝੋਨੇ ਦੀ ਫਸਲ ਨੂੰ ਕਾਲਾ ਤੇਲਾ ਤੇ ਪੱਤਾ ਲਪੇਟ ਸੁੰਡੀ ਲੱਗਣ ਕਾਰਨ ਕਿਸਾਨਾਂ ਨੇ ਫ਼ਟਾਫਟ ਕੀੜੇਮਾਰ ਦਵਾਈਆਂ ਛਿੜਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਬਰਸਾਤ ਹੋਈ ਹੈ ਅਤੇ ਝੋਨੇ ਵਿੱਚ ਪਾਣੀ ਖੜ੍ਹਾ ਰਿਹਾ ਸੀ, ਜਿਸ ਕਰਕੇ ਝੋਨੇ ਦੀ ਫਸਲ ਦੀਆਂ ਜੜ੍ਹਾਂ ਵਿੱਚ ਕਾਲਾ ਤੇਲਾ ਹੋਣ ਕਰਕੇ ਝੋਨੇ ਦੇ ਬੂਟੇ ਕਮਜ਼ੋਰ ਪੈਣ ਲੱਗਦੇ ਹਨ ਅਤੇ ਝੋਨੇ ਦੇ ਦਾਣੇ ਵੀ ਬਦਰੰਗ ਪੈਣ ਲੱਗਦੇ ਹਨ। ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ‘ਤੇ ਬਿਲਕੁਲ ਹੀ ਨਾ-ਮਾਤਰ ਹੈ,ਪਰ ਐਡੀ ਵੱਡੀ ਗੱਲ ਨਹੀਂ ਕਿ ਇਸ ਤੋਂ ਘਬਰਾਕੇ ਕਿਸਾਨਾਂ ਨੂੰ ਅੰਨੇਵਾਹ ਸਪਰੇਆਂ ਛਿੜਕਣ ਲੱਗ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਜਾਣ ਅਤੇ ਜੇਕਰ ਉਹ ਹਮਲੇ ਨੂੰ ਜਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਸਲਾਹ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗਕੇ ਬਿਲਕੁਲ ਸਪਰੇਆਂ ਨਾ ਕਰਨ। ਉਨ੍ਹਾਂ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਹੰੁਦਾ ਹੈ।