ਬੀਕੇਯੂ ਉਗਰਾਹਾਂ ਵੱਲੋਂ ‘ਵੜਿੰਗ ਟੌਲ ਪਲਾਜ਼ਾ’ ਬੰਦ ਕਰਨ ਦੀ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ‘ਵੜਿੰਗ ਟੌਲ ਪਲਾਜ਼ਾ’ ਨੂੰ 27 ਅਗਸਤ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਕਈ ਵਰ੍ਹਿਆਂ ਤੋਂ ਬੰਦ ਟੌਲ ਪਲਾਜ਼ਾ ਅਜੇ ਕੁੱਝ ਦਿਨ ਪਹਿਲਾਂ ਹੀ ਚਾਲੂ ਹੋਇਆ ਸੀ। ਜਥੇਬੰਦੀ ਦੇ ਵਿਰੋਧ ਕਾਰਨ ਇਹ ਦੋ ਦਿਨਾਂ ਤੋਂ ਬੰਦ ਹੈ। ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ, ਹਰਜਿੰਦਰ ਸਿੰਘ ਲੁਬਾਨਿਆਂਵਾਲੀ, ਥਾਨਾ ਸਿੰਘ ਗਿੱਦੜਬਾਹਾ, ਸਰਬਜੀਤ ਸਿੰਘ ਭਾਗਸਰ, ਤਰਸੇਮ ਸਿੰਘ ਸਾਹਿਬ ਚੰਦ ਨੇ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਵੜਿੰਗ ਟੌਲ ਪਲਾਜ਼ਾ ਕਥਿਤ ਤੌਰ ’ਤੇ ਨੇਮਾਂ ਦੀ ਪਾਲਣਾ ਨਹੀਂ ਕਰਦਾ, ਇਸ ਲਈ ਨੂੰ ਬੰਦ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ 27 ਅਗਸਤ ਨੂੰ ਟੌਲ ਪਲਾਜ਼ਾ ਬੰਦ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਸ਼ੁਰੂ ਹੀ ਇਸ ਸ਼ਰਤ ’ਤੇ ਹੋਇਆ ਸੀ ਕਿ ਰਾਜਸਥਾਨ ਅਤੇ ਸਰਹੰਦ ਫੀਡਰ ’ਤੇ ਪੁਲ ਬਣਾਏ ਜਾਣਗੇ। ਪੁਲ ਖਸਤਾ ਹਾਲਤ ਵਿੱਚ ਹਨ ਅਤੇ ਭੀੜੇ ਹਨ ਜਿਸ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਹੁਣ ਜਦੋਂ ਇਹ ਪਲਾਜ਼ਾ ਮੁੜ ਸ਼ੁਰੂ ਹੋਇਆ ਤਾਂ ਉਨ੍ਹਾਂ ਆਪਣੀ ਮੰਗ ਮੁੜ ਉਭਾਰੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਇਕੋ ਫੈਸਲਾ ਹੈ ਕਿ ਪਹਿਲਾਂ ਪੁਲ ਬਣਨ ਫਿਰ ਟੌਲ ਸ਼ੁਰੂ ਹੋਵੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ 27 ਅਗਸਤ ਨੂੰ ਟੌਲ ਪਲਾਜ਼ਾ ਪੱਕੇ ਤੌਰ ’ਤੇ ਬੰਦ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਬੂਟਾ ਸਿੰਘ ਖਾਲਸਾ ਦੋਦਾ ਅਤੇ ਕਸ਼ਮੀਰ ਸਿੰਘ ਮਾਂਗਟਕੇਰ ਬਣੇ ਹੋਰ ਆਗੂ ਵੀ ਮੌਜੂਦ ਸਨ।
ਕੁਲੈਕਸ਼ਨ ਨਾਲ ਹੀ ਪੁਲ ਦੀ ਉਸਾਰੀ ਕਰਾਂਗੇ: ਟੌਲ ਅਧਿਕਾਰੀ
ਟੌਲ ਪਲਾਜ਼ਾ ਕੰਪਨੀ ਸੁਪਰੀਮ ਇਨਫਰਾਸਟਕਰਚਰ ਦੇ ਅਧਿਕਾਰੀ ਜਤਿੰਦਰ ਪਟੇਲ ਨੇ ਦੱਸਿਆ ਕਿ ਪੁਲਾਂ ਦੀ ਉਸਾਰੀ ਨਾ ਹੋਣ ਕਾਰਨ ਕੰਪਨੀ ਵੱਲੋਂ ਟੌਲ ਪਰਚੀ ਵਿੱਚ ਬਣਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਪੁਲ ਦੀ ਉਸਾਰੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਟੈਂਡਰ ਵਗੈਰਾ ਲਏ ਜਾ ਰਹੇ ਹਨ। ਕੰਪਨੀ ਵੱਲੋਂ ਟੌਲ ਪਲਾਜ਼ੇ ਦੀ ਕੁਲੈਕਸ਼ਨ ਨਾਲ ਹੀ ਪੁਲ ਦੀ ਉਸਾਰੀ ਕੀਤੀ ਜਾਵੇਗੀ।
15 ਦਿਨਾਂ ਅੰਦਰ ਪੁਲਾਂ ਦੀ ਉਸਾਰੀ ਸ਼ੁਰੂ ਕੀਤੇ ਜਾਵੇ: ਏਡੀਸੀ
ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਟੌਲ ਪਲਾਜ਼ਾ ਵਿਵਾਦ ਨੂੰ ਨਿਪਟਾਉਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਜਥੇਬੰਦੀ ਅਤੇ ਪਲਾਜ਼ਾ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਪ੍ਰਸ਼ਾਸਨ ਵੱਲੋਂ ਟੌਲ ਪਲਾਜ਼ਾ ਕੰਪਨੀ ਨੂੰ ਪੁੱਲਾਂ ਦਾ ਕੰਮ ਸ਼ੁਰੂ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਕੰਪਨੀ ਇਸ ਸਮੇਂ ਦੌਰਾਨ ਕੰਮ ਸ਼ੁਰੂ ਨਹੀਂ ਕਰਦੀ ਤਾਂ ਪ੍ਰਸ਼ਾਸਨ ਕੰਪਨੀ ਖਿਲਾਫ ਕਾਰਵਾਈ ਕਰੇਗਾ।