ਭਾਜਪਾ ਆਗੂ ਵੱਲੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਫਿਰੋਜ਼ਪੁਰ ਤੋਂ ਭਾਜਪਾ ਦੇ ਨੌਜਵਾਨ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਹੀਰਾ ਸੋਢੀ ਨੇ ਬਾਬਾ ਗੁਰਿੰਦਰ ਸਿੰਘ ਨੂੰ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਏ ਭਿਆਨਕ ਹੜ੍ਹ ਨਾਲ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ। ਹੀਰਾ ਸੋਡੀ ਨੇ ਉਨ੍ਹਾਂ ਨੂੰ ਦੱਸਿਆ ਕਿ ਹੜ੍ਹ ਨੇ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ, ਖੇਤਾਂ ਵਿਚ ਫ਼ਸਲਾਂ ਬਰਬਾਦ ਹੋ ਗਈਆਂ ਹਨ ਅਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਇਲਾਕਿਆਂ ਵਿਚ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬੜੀ ਗੰਭੀਰਤਾ ਨਾਲ ਸਥਿਤੀ ਨੂੰ ਸੁਣਿਆ ਤੇ ਸਮਝਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਸ਼ਕਿਲ ਸਮੇਂ ਵਿਚ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਗੁਰਿੰਦਰ ਢਿੱਲੋਂ ਨੇ ਦੱਸਿਆ ਕਿ ਡੇਰਾ ਬਿਆਸ ਹਮੇਸ਼ਾ ਤੋਂ ਮਾਨਵਤਾ ਅਤੇ ਸੇਵਾ ਦੇ ਸਿਧਾਂਤਾਂ ’ਤੇ ਕੰਮ ਕਰਦਾ ਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਜਾਰੀ ਰਹੇਗਾ। ਹੀਰਾ ਸੋਢੀ ਨੇ ਕਿਹਾ ਕਿ ਇਸ ਮੁਲਾਕਾਤ ਨੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਡੂੰਘੀ ਪ੍ਰੇਰਨਾ ਦਿੱਤੀ ਹੈ ਅਤੇ ਉਹ ਨੌਜਵਾਨਾਂ ਨੂੰ ਸਮਾਜ ਸੇਵਾ ਅਤੇ ਰਾਹਤ ਕਾਰਜਾਂ ਵਿਚ ਅੱਗੇ ਆਉਣ ਲਈ ਉਤਸ਼ਾਹਿਤ ਕਰਨਗੇ। ਸੋਢੀ ਨੇ ਕਿਹਾ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਾਡਾ ਮਨੁੱਖੀ ਫ਼ਰਜ਼ ਹੈ ਅਤੇ ਮੈਂ ਪੂਰੀ ਲਗਨ ਨਾਲ ਇਸ ਦਿਸ਼ਾ ਵਿਚ ਕੰਮ ਕਰਦਾ ਰਹਾਂਗਾ।