ਭਾਜਪਾ ਵੱਲੋਂ ਸਿਰਸਾ ਜ਼ਿਲ੍ਹੇ ਨਾਲ ਵਿਤਕਰਾ ਕੀਤਾ ਜਾ ਰਿਹੈ: ਅਰਜੁਨ ਚੌਟਾਲਾ
ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ ਨੇ ਕਿਹਾ ਕਿ ਪਹਿਲੇ ਦਸ ਸਾਲਾਂ ਤੱਕ ਕਾਂਗਰਸ ਅਤੇ ਭਾਜਪਾ ਨੇ ਹਰਿਆਣਾ ਨੂੰ ਵਿਕਾਸ ਦੀ ਬਜਾਏ ਤਬਾਹੀ ਵੱਲ ਧੱਕਿਆ ਹੈ। ਭੇਦਭਾਵ ਵਾਲੀ ਨੀਤੀ ਤਹਿਤ ਭਾਜਪਾ ਵੱਲੋਂ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਨਾਲ ਰਾਜਨੀਤਿਕ ਵਿਤਕਰਾ ਕੀਤਾ ਜਾ ਰਿਹਾ ਹੈ। ਚੌਟਾਲਾ ਅੱਜ ਰਾਣੀਆਂ ਹਲਕੇ ਦੇ ਵੱਖ-ਵੱਖ ਪਿੰਡਾਂ, ਸਾਦੇਵਾਲਾ, ਕੇਹਰਵਾਲਾ, ਮੱਤੂਵਾਲਾ, ਸੈਨਪਾਲ, ਸੇਨਪਾਲ ਕੋਠਾ, ਨਥੌਰ, ਬਚੇਰ, ਵਣੀ, ਕਰੀਵਾਲਾ, ਹਾਰਨੀ, ਧਰਮਪੁਰਾ ਅਤੇ ਸੰਤੋਖਪੁਰਾ ਆਦਿ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪਰਿਸ਼ਦ ਸਿਰਸਾ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਉਪਰੋਕਤ ਪਿੰਡਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਅਤੇ ਸਵਰਗੀ ਓਮ ਪ੍ਰਕਾਸ਼ ਚੌਟਾਲਾ ਨੂੰ ਹਰਿਆਣਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਗਰੀਬਾਂ, ਮਜ਼ਦੂਰਾਂ, ਕਾਰੋਬਾਰੀਆਂ, ਨੌਜਵਾਨਾਂ ਅਤੇ ਔਰਤਾਂ ਸਮੇਤ ਸਾਰੇ ਵਰਗਾਂ ਦੀ ਭਲਾਈ ਲਈ ਯੋਜਨਾਵਾਂ ਬਣਾਈਆਂ ਅਤੇ ਉਨ੍ਹਾਂ ਨੂੰ ਲਾਗੂ ਕੀਤਾ, ਜਿਸ ਨਾਲ ਹਰਿਆਣਾ ਸੱਚਮੁੱਚ ਵਿਕਸਤ ਹੋਇਆ ਪਰ ਬਾਅਦ ਵਿੱਚ ਕਾਂਗਰਸ ਅਤੇ ਭਾਜਪਾ ਨੇ ਹਰਿਆਣਾ ਨੂੰ ਤਬਾਹੀ ਦੇ ਕੰਢੇ ’ਤੇ ਪਹੁੰਚਾ ਦਿੱਤਾ।