ਸੰਵਿਧਾਨ ਦੀ ਆਤਮਾ ਖ਼ਤਮ ਕਰ ਰਹੀ ਹੈ ਭਾਜਪਾ: ਵੜਿੰਗ
ਇੱਥੇ ਪੰਜਾਬ ਕਾਂਗਰਸ ਵੱਲੋਂ ਰੱਖੀ ‘ਸੰਵਿਧਾਨ ਬਚਾਓ ਰੈਲੀ’ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ। ਇਸ ਮੌਕੇ ਜ਼ਿਲ੍ਹੇ ਦਾ ਕੋਈ ਹਲਕਾ ਇੰਚਾਰਜ ਨਹੀਂ ਪੁੱਜਿਆ।
ਸੂਬਾ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਸੇ ਤਰ੍ਹਾਂ ਭਗਵੰਤ ਮਾਨ ਸਰਕਾਰ ਵੀ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਵਿਜੀਲੈਂਸ ਤੇ ਪੁਲੀਸ ਦੀ ਦੁਰਵਰਤੋਂ ਕਰ ਰਹੀ ਹੈ। ਕੇਂਦਰ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਲੋਕਤੰਤਰੀ ਆਤਮਾ ਨੂੰ ਖ਼ਤਮ ਕਰ ਰਹੀ ਹੈ ਜਿਸ ਕਰ ਕੇ ਭਾਰਤੀ ਲੋਕਤੰਤਰ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਭਾਰਤ ਵਿੱਚ ਸੰਵਿਧਾਨ ਦੀ ਰਾਖੀ ਸਭ ਤੋਂ ਵੱਡੀ ਲੋੜ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੰਵਿਧਾਨ ਬਚਾਉਣ ਲਈ ਕਾਂਗਰਸ ਨਾਲ ਜੁੜਨ ਦੀ ਅਪੀਲ ਕੀਤੀ।
ਉਨ੍ਹਾਂ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨੇ ਦਾ ਵਾਅਦਾ ਹਾਲੇ ਪੂਰਾ ਕਰਨਾ ਹੈ ਜਦੋਂਕਿ ਸਰਕਾਰ ਦੇ ਕਰੀਬ ਚਾਰ ਸਾਲ ਬੀਤੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਹਨ। ਕਾਂਗਰਸੀ ਆਗੂ ਓਪਿੰਦਰ ਗਿੱਲ ਨੇ ਕਿਹਾ ਕਿ ਸਥਾਨਕ ਜ਼ਿਲ੍ਹੇ ਹਲਕਾ ਇੰਚਾਰਜ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਵਿੱਚ ਰੱਖੇ ਸਮਾਗਮ ਵਿੱਚ ਜਾਣ ਕਾਰਨ ਇਸ ਰੈਲੀ ਵਿੱਚ ਹਿੱਸਾ ਨਹੀਂ ਲੈ ਸਕੇ।
