ਭਾਜਪਾ ਨੇ ਵੜਿੰਗ ਦਾ ਪੁਤਲਾ ਫੂਕਿਆ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਖ਼ਿਲਾਫ਼ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਦੇ ਵਿਰੋਧ ’ਚ ਭਾਜਪਾ ਨੇ ਅੱਜ ਇੱਥੇ ਵੜਿੰਗ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ।
ਭਾਜਪਾ ਆਗੂਆਂ ਨੇ ਕਿਹਾ ਕਿ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਆਪਣੇ ਹੋਸ਼ ਗੁਆ ਚੁੱਕੇ ਹਨ ਅਤੇ ਉਨ੍ਹਾਂ ਦੀ ਤਕਰੀਰ ਨਾਲ ਦਲਿਤ ਭਾਈਚਾਰੇ ਦੇ ਸਨਮਾਨ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਕਮਿਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ ਪਰ ਅਜਿਹੇ ਆਗੂਆਂ ਖ਼ਿਲਾਫ਼ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸ ਮੌਕੇ ਅਮਰਜੀਤ ਸਿੰਘ ਕਟੌਦੀਆ, ਅਮਨਦੀਪ ਸਿੰਘ, ਸ਼ਾਮ ਲਾਲ ਗੋਇਲ ਵੀ ਮੌਜੂਦ ਸਨ।
ਇਸੇ ਦੌਰਾਨ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਅਤੇ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਚੋਣ ਕਮਿਸ਼ਨ ਅਤੇ ਸਟੇਟ ਐੱਸ ਸੀ-ਐੱਸ ਟੀ ਕਮਿਸ਼ਨ ਤੋਂ ਇਸ ਸਬੰਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਰਾਹੀਂ ਉਚੇ ਅਹੁਦਿਆਂ ’ਤੇ ਬੈਠੇ ਪੂੰਜੀਵਾਦੀ ਸਿਆਸੀ ਲੀਡਰਾਂ ਦੇ ਮਨਾਂ ਵਿਚਲਾ ਹੰਕਾਰ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਅਪਮਾਨ ਜਨਕ ਟਿੱਪਣੀਆਂ ਬਦਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜਾਂ ਤਾਂ ਜਨਤਕ ਤੌਰ ’ਤੇ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗੇ, ਨਹੀਂ ਉਸ ਖਿਲਾਫ਼ ਐੱਸ ਸੀ-ਐੱਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
