ਭਾਜਪਾ ਨੇ ਪੁਲੀਸ ਕਾਰਵਾਈ ਖ਼ਿਲਾਫ਼ ਮੁੱਖ ਮੰਤਰੀ ਦੇ ਪੁਤਲੇ ਸਾੜੇ
ਸੂਬਾ ਸਰਕਾਰ ਵੱਲੋਂ ਸੂਬੇ ਵਿਚ ਭਾਜਪਾ ਵੱਲੋਂ ਲਾਏ ਜਾ ਰਹੇ ਸੁਵਿਧਾ ਕੈਂਪਾਂ ਨੂੰ ਰੋਕਣ ਦਾ ਮਾਮਲਾ ਭਖ ਗਿਆ ਹੈ। ਇਥੇ ਭਾਜਪਾ ਵੱਲੋਂ ਦਫ਼ਤਰ ਬਾਹਰ ਪੂਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਪਾਰਟੀ ਦੇ ਬੁਲਾਰੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ, ਡਾ. ਸੀਮਾਂਤ ਗਰਗ, ਰਾਕੇਸ਼ ਸ਼ਰਮਾ, ਵਿਨੇ ਸ਼ਰਮਾ ਤੇ ਤਿਰਲੋਚਨ ਸਿੰਘ ਗਿੱਲ ਸਰਕਾਰ ਦੇ ਰਵੱਈਏ ਦੀ ਨਿਖ਼ੇਧੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੇਂਦਰੀ ਸਕੀਮਾਂ ਦਾ ਲਾਹਾ ਪਹੁੰਚਾਉਣ ਲਈ ਆਰੰਭੀ ਵਿਸ਼ੇਸ਼ ਸਹਾਇਤਾ ਕੈਂਪ ਸਕੀਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਵੀ ਆਪਣੀ ਹਾਰ ਦਿਖਾਈ ਦੇਣ ਲੱਗ ਪਈ ਹੈ, 21ਵੀਂ ਸਦੀ ਵਿੱਚ ਵੀ ਸਾਡੇ ਸੂਬੇ ਦੇ ਵਸਨੀਕ ਅਜੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।
ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਇਹ ਦਾਅਵਾ ਕਰ ਦਿੱਤਾ ਗਿਆ ਹੈ ਖੁਦ ਨੂੰ ਵਿਸ਼ੇਸ਼ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਹਨ। ਇਥੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸ਼ਿਕਾਇਤਾਂ ਦੀ ਜਾਂਚ ਲਈ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਏਡੀਸੀ, ਐੱਸਡੀਐੱਮ, ਐੱਸਪੀਐਚ ਤੇ ਡੀਐੱਸਪੀ ਨੂੰ ਸ਼ਾਮਲ ਕੀਤਾ ਗਿਆ ਹੈ। ਇਥੇ ਜ਼ਿਲ੍ਹਾ ਕਮੇਟੀ ਮੈਂਬਰ ਐੱਸਪੀਐੱਚ ਸੰਦੀਪ ਸਿੰਘ ਮੰਡ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਮੈਗਾ ਪ੍ਰੋਗਰਾਮ ਨੂੰ ਲੈਕੇ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਫੜ੍ਹਾ-ਫੜੀ ਦੇ ਵਿਰੋਧ ਵਿੱਚ ਅੱਜ ਮਾਨਸਾ ’ਚ ਭਾਜਪਾਈਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਗਏ। ਭਾਜਪਾ ਵੱਲੋਂ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ 8 ਯੋਜਨਾਵਾਂ ਦੇ ਸਹਾਰੇ ਪਿੰਡਾਂ ਤੱਕ ਆਪਣੇ ਪਹੁੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਨੇ ਭਾਜਪਾ ਦੇ ਅਜਿਹੇ ਯਤਨਾਂ ਖ਼ਿਲਾਫ਼ ਪਾਰਟੀ ਵਰਕਰਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਭਾਜਪਾ ਵਰਕਰਾਂ ਦੀ ਫੜਾ-ਫੜੀ ਤੋਂ ਬਾਅਦ ਅੱਜ ਮਾਨਸਾ ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੇ ਸਬੰਧ ਵਿੱਚ ਕੈਂਪ ਲਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੰਦ ਕਰਵਾਇਆ ਗਿਆ ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਥਾਣਿਆਂ ਵਿੱਚ ਜ਼ਬਰਦਸਤੀ ਰੱਖਿਆ ਗਿਆ, ਜਿਸ ਦੇ ਵਿਰੋਧ ਵਿੱਚ ਅੱਜ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ।
ਤਲਵੰਡੀ ਭਾਈ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਦੇ ਲੋਕ ਵਿਰੋਧੀ ਤੇ ਗ਼ਰੀਬ ਵਿਰੋਧੀ ਰਵੱਈਏ ਦੇ ਵਿਰੋਧ ਵਿੱਚ ਭਾਜਪਾ ਮੰਡਲ ਤਲਵੰਡੀ ਭਾਈ ਦੇ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਪੁਤਲੇ ਨੂੰ ਬਾਜ਼ਾਰ ਵਿੱਚ ਘੁੰਮਾ ਕੇ ਚੌਕ ਵਿੱਚ ਲਿਜਾ ਕੇ ਫ਼ੂਕ ਦਿੱਤਾ ਗਿਆ। ਭਾਜਪਾ ਕਾਰਕੁਨਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਲੋਕ ਭਲਾਈ ਕੈਂਪ ਨਾ ਲਗਾਉਣ ਦੇਣ ਤੇ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਦਾ ਡਟ ਕੇ ਵਿਰੋਧ ਕੀਤਾ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਵੱਲੋਂ ਮਹਿਲ ਕਲਾਂ ਵਿਖੇ ਸੂਬੇ ਦੀ ‘ਆਪ’ ਸਰਕਾਰ ਦੀ ਅਰਥੀ ਸਾੜ ਕੇ ਮੁਜ਼ਾਹਰਾ ਕੀਤਾ ਗਿਆ ਹੈ। ਭਾਜਪਾ ਦੀ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਲਈ ਚਲਾਈਆਂ ਸਕੀਮਾਂ ਨੂੰ ‘ਸੇਵਾਦਾਰ ਤੁਹਾਡੇ ਦੁਆ’ ਮੁਹਿੰਮ ਰਾਹੀਂ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਲੋੜਵੰਦਾਂ ਨੂੰ ਲਾਭ ਦਿਵਾਉਣ ਲਈ ਕੈਪਾਂ ਵਿੱਚ ਫਾਰਮ ਭਰੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਜਾਣ ਬੁੱਝ ਕੇ ਅੜਿੱਕੇ ਪਾ ਰਹੀ ਹੈ।
ਭਾਜਪਾ ਵੱਲੋਂ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਦੇ ਦੋਸ਼
ਭੁੱਚੋ ਮੰਡੀ (ਪਵਨ ਗੋਇਲ): ਭਾਜਪਾ ਨੇ ਪੰਜਾਬ ਸਰਕਾਰ ਦੀ ਕਥਿੱਤ ਧੱਕੇਸ਼ਾਹੀ ਵਿਰੁੱਧ ਅੱਜ ਸ਼ਹਿਰ ਦੇ ਘੰਟਾ ਘਰ ਚੌਕ ਵਿੱਚ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਵਿਸ਼ਾਲ ਮਹੇਸ਼ਵਰੀ, ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ, ਸੀਨੀਅਰ ਆਗੂ ਨਰਿੰਦਰ ਮਿੱਤਰ ਤੇ ਅਸ਼ੋਕ ਕੁਮਾਰ, ਐਸਈ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਆਕਲੀਆ ਅਤੇ ਜਤਿੰਦਰ ਗੋਗੀ ਨੇ ਕਿਹਾ ਕਿ ਭਾਜਪਾ ਵੱਲੋਂ ਦਿਹਾਤੀ ਇਲਾਕਿਆਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਕੀਮਾਂ ਸਿੱਧੀਆਂ ਲੋਕਾਂ ਤੱਕ ਪਹੁੰਚਾਉਣ ਲਈ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਮੁਹਿੰਮ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਤੋਂ ਬੁਖਲਾਹਟ ਵਿੱਚ ਆਈ ਆਪ ਦੀ ਪੰਜਾਬ ਸਰਕਾਰ ਵੱਲੋਂ ਪੁਲੀਸ ਦੇ ਜੋਰ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਕੈਂਪਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਭਾਜਪਾ ਆਗੂਆਂ ਨੇ ਆਪ ਆਗੂ ਮਨੀਸ਼ ਸਿਸੋਦੀਆ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਰਾਜੀਵ ਟੀਨੂ, ਮੰਡਲ ਜਨਰਲ ਸਕੱਤਰ ਸੰਦੀਪ ਮਹੇਸ਼ਰੀ, ਸੀਨੀਅਰ ਆਗੂ ਨਰੇਸ਼ ਬਾਂਸਲ, ਲਵਨੀਸ਼ ਸਿੰਗਲਾ, ਸੁਰਜੀਤ ਸਿੰਘ, ਨਰੇਸ਼ ਪੱਪੀ, ਚਰਨਜੀਤ ਸਿੰਗਲਾ ਅਤੇ ਦਰਸ਼ਨ ਵਾਲਮੀਕ ਆਦਿ ਹਾਜ਼ਰ ਸਨ।