ਭਾਜਪਾ ਨੇ ਕਿਸਾਨਾਂ ਨਾਲ ਧੋਖਾ ਕੀਤਾ: ਸ਼ੈਲਜਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 29 ਜੂਨ
ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ਡੀਏਪੀ ਤੇ ਹੋਰ ਖਾਦਾਂ ਦੀ ਕਮੀ ਕਾਰਨ ਕਿਸਾਨ ਸਾਉਣੀ ਦੀ ਫ਼ਸਲ ਦੀ ਬਿਜਾਈ ਨਹੀਂ ਕਰ ਪਾ ਰਹੇ ਹਨ। ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਨਾ ਤਾਂ ਕਿਸਾਨਾਂ ਦੀ ਫ਼ਸਲ ਐੱਮਐੱਸਪੀ ’ਤੇ ਖਰੀਦੀ ਜਾ ਰਹੀ ਹੈ ਅਤੇ ਨਾ ਹੀ ਸਾਉਣ ਦੀ ਫ਼ਸਲ ਦੀ ਬਿਜਾਈ ਲਈ ਲੋੜੀਂਦੀ ਖਾਦ ਦਾ ਪ੍ਰਬੰਧ ਕੀਤਾ ਗਿਆ ਹੈ। ਭਾਜਪਾ ਨੇ ਹਮੇਸ਼ਾ ਭਰੋਸਾ ਦੇ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ ਹੈ। ਕੁਮਾਰੀ ਸ਼ੈਲਜਾ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਦੀ ਲਾਪਰਵਾਹੀ ਅਤੇ ਨੀਤੀਗਤ ਅਸਫ]ਲਤਾ ਕਾਰਨ, ਕਿਸਾਨਾਂ ਨੂੰ ਡੀਏਪੀ ਅਤੇ ਯੂਰੀਆ ਵਰਗੀਆਂ ਜ਼ਰੂਰੀ ਖਾਦਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਸਥਿਤੀ ਅਜਿਹੀ ਹੈ ਕਿ ਕਿਸਾਨ ਖਾਦ ਲੈਣ ਲਈ ਲਾਈਨਾਂ ਵਿੱਚ ਖੜ੍ਹੇ ਹਨ, ਪਰ ਸਟਾਕ ਉਪਲਬਧ ਨਹੀਂ ਹੈ। ਦੂਜੇ ਪਾਸੇ ਉਪਲਬਧ ਖਾਦਾਂ ਵਿੱਚ ਵੀ ਵਿਚੋਲਿਆਂ ਦੀ ਕਾਲਾਬਾਜ਼ਾਰੀ ਅਤੇ ਮਨਮਾਨੀ ਦਿਖਾਈ ਦੇ ਰਹੀ ਹੈ। ਸੰਸਦ ਮੈਂਬਰ ਨੇ ਸਰਕਾਰ ’ਤੇ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਪੂਰੇ ਰਾਜ ਵਿੱਚ ਖਾਦਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਅਤੇ ਦਿੱਲੀ ਵਿੱਚ ਬੈਠੇ ਉਨ੍ਹਾਂ ਦੇ ਆਗੂ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਪਹਿਲਾਂ ਹੀ ਕਮਜ਼ੋਰ ਹੈ ਅਤੇ ਹੁਣ ਸਮੇਂ ਸਿਰ ਖਾਦਾਂ ਦੀ ਉਪਲਬਧਤਾ ਨਾ ਹੋਣ ਕਾਰਨ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸੰਕਟ ਵਿੱਚ ਆ ਗਈ ਹੈ। ਅਜਿਹੀ ਸਥਿਤੀ ਵਿੱਚ ਪੈਦਾਵਾਰ ਘਟਨ ਦਾ ਖ਼ਦਸ਼ਾ ਹੈ। ਕੁਮਾਰੀ ਸ਼ੈਲਜਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਸ ਮੁੱਦੇ ’ਤੇ ਚੁੱਪ ਨਹੀਂ ਬੈਠੇਗੀ।