ਵਿਕਾਸ ਕਾਰਜਾਂ ’ਚ ਪੱਖਪਾਤ: ਕੌਂਸਲਰਾਂ ਨੇ ਨਿਗਮ ਕਮਿਸ਼ਨਰ ਦੀ ਕੁਰਸੀ ਨੇੜੇ ਦਿੱਤਾ ਧਰਨਾ
ਮੋਗਾ ਨਗਰ ਨਿਗਮ ’ਚ ਖਿਚੋਤਾਣ ਤੇ ਸਿਆਸੀ ਧੜੇਬੰਦੀ ਭਾਰੂ ਹੋਣ ਕਾਰਨ ਸ਼ਹਿਰ ਵਿਕਾਸ ਪੱਖੋਂ ਪਛੜ ਰਿਹਾ। ਇਥੇ ਦੋ ਕੌਂਸਲਰਾਂ ਨੇ ਆਪਣੇ ਵਾਰਡਾਂ ਵਿੱਚ ਕਥਿਤ ਸਿਆਸੀ ਬਦਲਾਖੋਰੀ ਤਹਿਤ ਡੇਢ ਸਾਲ ਤੋਂ ਵਿਕਾਸ ਕੰਮ ਰੋਕੇ ਹੋਣ ਦਾ ਦਾਅਵਾ ਕਰਦਿਆਂ ਨਿਗਰ ਦੇ ਸੰਯੁਕਤ ਕਮਿਸ਼ਨਰ ਸਾਹਮਣੇ ਉਨ੍ਹਾਂ ਦੇ ਦਫ਼ਤਰ ਅੰਦਰ ਫ਼ਰਸ਼ ਉੱਤੇ ਬੈਠ ਕੇ ਰੋਸ ਧਰਨਾ ਦਿੱਤਾ ਗਿਆ। ਸੰਯੁਕਤ ਕਮਿਸ਼ਨਰ ਰਮਨ ਕੌਸ਼ਿਲ ਨੇ ਉਨ੍ਹਾਂ ਨੂੰ ਕੁਰਸੀ ਉੱਤੇ ਬੈਠ ਕੇ ਗੱਲਬਾਤ ਕਰਨ ਲਈ ਕੋਸ਼ਿਸ਼ ਕੀਤੀ ਪਰ ਨਾਰਾਜ਼ ਕੌਂਸਲਰ ਕੁਰਸੀ ’ਤੇ ਨਾ ਬੈਠੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਉਨ੍ਹਾਂ ਦੇ ਵਾਰਡਾਂ ਵਿੱਚ ਕੰਮ ਸ਼ੁਰੂ ਨਾ ਹੋਣ ਦਾ ਕਾਰਨ ਲਿਖ ਕੇ ਦਿੱਤਾ ਜਾਵੇ। ਸੰਯੁਕਤ ਕਮਿਸ਼ਨਰ ਰਮਨ ਕੌਸ਼ਿਲ ਨੇ ਕਿਹਾ ਕਿ ਨਾਰਾਜ਼ ਕੌਂਸਲਰਾਂ ਦੇ ਵਾਰਡਾਂ ਵਿੱਚ ਕੰਮ ਸ਼ੁਰੂ ਹੈ ਅਤੇ ਜਿਥੇ ਕੰਮ ਹੋਣ ਵਾਲਾ ਉਥੇ ਜਲਦੀ ਹੋ ਜਾਵੇਗਾ। ਨਾਰਾਜ਼ ਕੌਂਸਲਰ ਗੌਰਵ ਗੁਪਤਾ ਗੁੱਡ ਨੇ ਕਿਹਾ ਕਿ ਨਿਗਮ ’ਚ ਖਿੱਚੋਤਾਣ ਤੇ ਸਿਆਸੀ ਧੜੇਬੰਦੀ ਭਾਰੂ ਹੈ। ਉਨ੍ਹਾਂ ਵਾਰਡ ਵਿੱਚ ਡੇਢ ਸਾਲ ਤੋਂ ਟੁੱਟੀਆਂ ਸੜਕਾਂ ਦੀਆਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਕਥਿਤ ਸਿਆਸੀ ਬਦਲਾਖ਼ੋਰੀ ਕਾਰਨ ਵਿਕਾਸ ਕਾਰਜ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੇ ਵਰਕ ਆਰਡਰ ਕੱਟੇ ਗਏ ਹਨ ਪਰ ਕੰਮ ਅੱਜ ਦਿਨ ਤੱਕ ਸ਼ੁਰੂ ਨਹੀਂ ਹੋਏ। ਲੋਕ ਪੀਣ ਵਾਲੇ ਪਾਣੀ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਸੜਕਾਂ, ਸੀਵਰੇਜ, ਪਾਣੀ ਵਰਗੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਲੋਕਾਂ ਦੀ ਉਸਾਰੂ ਢੰਗ ਨਾਲ ਸੇਵਾ ਕਰਨ ਦੀ ਸਾਰਿਆਂ ਨੂੰ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਵਿਕਾਸ ਮੁੱਦੇ ਦਾ ਸਿਆਸੀਕਰਨ ਕੀਤੇ ਜਾਣ ਸਦਕਾ ਸ਼ਹਿਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਉਹ ਆਪਣੇ ਵਾਰਡ ਤੇ ਸ਼ਹਿਰ ਦੇ ਵਿਕਾਸ ਲਈ ਸਿਰਜੇ ਸੁਫ਼ਨੇ ਪੂਰੇ ਕਰਨ ਲਈ ਸਮਰਪਿੱਤ ਹੋ ਕੇ ਕੰਮ ਕਰ ਰਹੇ ਹਨ। ਗੌਰਵ ਗੁਪਤਾ ਗੁੱਡੂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸਾਲ 2021 ਦੀਆਂ ਨਿਗਮ ਚੋਣਾਂ ’ਚ ਕਾਂਗਰਸ ਆਜ਼ਾਦ ਕੌਂਸਲਰਾਂ ਸਹਾਰੇ ਆਪਣਾ ਮੇਅਰ ਬਣਾਉਣ ਵਿਚ ਸਫ਼ਲ ਰਹੀ ਪਰ ਸ਼ਹਿਰ ਦੇ ਲੋਕਾਂ ਦੀ ਤਰਾਸਦੀ ਕਿ ਕਰੀਬ 8 ਮਹੀਨੇ ਬਾਅਦ ਸੂਬੇ ’ਚ ਸਾਲ 2022 ਵਿਧਾਨ ਸਭਾ ਚੋਣਾਂ ਵਿਚ ਸੱਤਾ ਪਰਿਵਰਤਨ ਹੋ ਗਿਆ ਅਤੇ ਹਾਕਮ ਧਿਰ ਵੱਲੋਂ ਮੇਅਰ ਦੀ ਕੁਰਸੀ ਖੋਹਣ ਲਈ ਖਿੱਚੋਤਾਣ ਵਿੱਚ 2 ਸਾਲ ਲੰਘ ਗਏ। ਇਸ ਦੌਰਾਨ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ। ਹਾਕਮ ਧਿਰ ਦੇ ਦੋ ਵਿਧਾਇਕਾਂ ਨੇ ਉਸ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਉਸ ਨੂੰ ਮੇਅਰ ਬਣਾਉਣ ਦਾ ਵਾਅਦਾ ਕੀਤਾ ਅਤੇ ਕਾਂਗਰਸੀ ਮੇਅਰ ਨਿਤਿਕਾ ਭੱਲਾ ਨੂੰ ਹਟਾਉਣ ਅਤੇ ਹੋਰ ਕੌਂਸਲਰਾਂ ਨੂੰ ਜੋੜਨ ਦੀ ਜਿੰਮੇਵਾਰੀ ਦਿੱਤੀ ਉਨ੍ਹਾਂ 42 ਕੌਂਸਲਰਾਂ ਇਕੱਠੇ ਕਰਕੇ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਸਾਲ 2023 ਵਿਚ ਬੇ-ਭਰੋਸਗੀ ਦਾ ਮਤਾ ਲਿਆਦਾਂ। ਇਸ ਮਗਰੋਂ ਉਸ ਨਾਲ ਧੋਖਾ ਕੀਤਾ ਗਿਆ। ਉਹ ਸਮਾਂ ਆਉਣ ਉੱਤੇ ਸਾਰਿਆਂ ਨੂੰ ਨੰਗਾਂ ਕਰੇਗਾ। ਜੇਕਰ ਉਸ ਦਾ ਕੋਈ ਜਾਨੀ, ਮਾਲੀ, ਕਾਰੋਬਾਰੀ ਨੁਕਸਾਨ ਹੁੰਦਾਂ ਤਾਂ ਸਰਕਾਰ ਜਿੰਮੇਵਾਰ ਹੋਵੇਗੀ।