ਭਾਕਿਯੂ (ਏਕਤਾ ਡਕੌਂਦਾ) ਵੱਲੋਂ ਐੱਸਐੱਸਪੀ ਦਫ਼ਤਰ ਮੂਹਰੇ ਧਰਨੇ ਦਾ ਐਲਾਨ
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪਿੰਡ ਕੁਲਰੀਆਂ ਦੇ ਕਿਸਾਨ ਵਰਕਰਾਂ ਨੂੰ ਪੁਲੀਸ ਵੱਲੋਂ ਝੂਠੇ ਕੇਸਾਂ ਵਿੱਚ ਨਾਮਜ਼ਦ ਕੀਤਾ ਹੋਇਆ ਹੈ ਅਤੇ ਪੁਲੀਸ ਪ੍ਰਸ਼ਾਸਨ ਭਰੋਸਾ ਦੇਣ ਦੇ ਬਾਵਜੂਦ ਨਿਰਪੱਖਤਾ ਨਾਲ ਤਫਸੀਸ਼ ਕਰਨ ਦੀ ਬਜਾਏ ਸਿਆਸੀ ਦਬਾਅ ਹੇਠ ਪੱਖਪਾਤੀ ਰਵੱਈਆ ਅਖ਼ਤਿਆਰ ਕਰ ਰਹੀ ਹੈ।
ਜਥੇਬੰਦੀ ਦੀ ਮੀਟਿੰਗ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹੇ ਦੇ ਪਿੰਡ ਪਿੱਪਲੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਹੇਠ ਜਿਨ੍ਹਾਂ ਵਿਅਕਤੀਆਂ ਵੱਲੋਂ 42 ਲੱਖ ਰੁਪਏ ਵਟੋਰੇ ਗਏ ਸਨ, ਉਨ੍ਹਾਂ ਖਿਲਾਫ਼ ਪੁਲੀਸ ਵੱਲੋਂ ਸਬੂਤ ਲੈ ਕੇ ਪਰਚਾ ਦਰਜ ਕੀਤੇ ਜਾਣ ਦੇ ਪੰਜ ਮਹੀਨੇ ਬੀਤਣ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਕਸੂਰਵਾਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿ ਦੋਵੇਂ ਮਸਲਿਆਂ ਨੂੰ ਲੈਕੇ ਵੱਖ-ਵੱਖ ਪੱਧਰ ’ਤੇ ਅਧਿਕਾਰੀਆਂ ਨੂੰ ਜਥੇਬੰਦੀ ਅਤੇ ਪਿੰਡ ਪੰਚਾਇਤਾਂ ਲਗਾਤਾਰ ਮਿਲਕੇ ਆਪਣਾ ਪੱਖ ਰੱਖ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਨੂੰ ਲੈਕੇ ਜਥੇਬੰਦੀ ਵੱਲੋਂ 27 ਸਤੰਬਰ ਨੂੰ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸਤਪਾਲ ਬਰ੍ਹੇ, ਦਰਸ਼ਨ ਸਿੰਘ ਗੁਰਨੇ, ਜਗਦੇਵ ਸਿੰਘ ਕੋਟਲੀ, ਬਲਕਾਰ ਸਿੰਘ ਚਹਿਲਾਂਵਾਲੀ, ਬਲਵਿੰਦਰ ਸ਼ਰਮਾ, ਬਲਦੇਵ ਸਿੰਘ ਪਿੱਪਲੀਆਂ ਅਤੇ ਪਾਲਾ ਸਿੰਘ ਕੁਲਰੀਆਂ ਨੇ ਸੰਬੋਧਨ ਕੀਤਾ।