ਭਗਵੰਤ ਮਾਨ ਨੇ ਕਿਸਾਨ ਮੇਲਿਆਂ ਲਈ ਬਜਟ ਵਧਾਇਆ: ਸੌਂਦ
ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਉੱਤਰੀ ਭਾਰਤ ਦਾ ਦੋ ਰੋਜ਼ਾ ਕਿਸਾਨ ਮੇਲਾ ਲੱਗਿਆ। ਇਸ ਵਿੱਚ ਪਹੁੰਚੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਜਿਹੇ ਮੇਲੇ ਰੰਗਲੇ ਪੰਜਾਬ ਦਾ ਇੱਕ ਹਿੱਸਾ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਅਤੇ ਯਤਨਸ਼ੀਲ ਹੈ। ਕਿਸਾਨ ਸਾਡੇ ਅੰਨਦਾਤਾ ਹਨ, ਜੋ ਪੂਰੇ ਮੁਲਕ ਦਾ ਢਿੱਡ ਭਰਦੇ ਹਨ। ਇਨ੍ਹਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਨੇ ਕਿਸਾਨ ਮੇਲਿਆਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਲਈ ਬਜਟ 5 ਕਰੋੜ ਰੁਪਏ ਤੋਂ ਵਧਾ ਕੇ 70 ਕਰੋੜ ਰੁਪਏ ਕਰ ਦਿੱਤਾ ਹੈ। ਇਸ ਮੌਕੇ ਵੱਖ ਵੱਖ ਕੰਪਨੀਆਂ ਅਤੇ ਕਿਸਾਨਾਂ ਨੇ ਸਟਾਲਾਂ ਲਗਾਈਆਂ, ਜੋ ਖਿੱਚ ਦਾ ਕੇਂਦਰ ਰਹੀਆਂ। ਕੈਬਨਿਟ ਮੰਤਰੀ ਸੌਂਦ ਨੇ ਘੁੰਮ ਕੇ ਸਟਾਲਾਂ ਦੇਖੀਆਂ। ਗਾਇਕਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਆਪ ਆਗੂ ਚੁਸਪਿੰਦਰ ਸਿੰਘ ਚਹਿਲ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਅਬਜਿੰਦਰ ਸਿੰਘ ਸੰਘਾ ਮੌਜੂਦ ਸਨ।
ਅਨਾਜ ਪੱਖੋਂ ਦੇਸ਼ ਨੂੰ ਆਤਮ-ਨਿਰਭਰ ਬਣਾਉਣ ’ਚ ਪੰਜਾਬ ਦਾ ਅਹਿਮ ਯੋਗਦਾਨ: ਪੰਨੂ
ਬਠਿੰਡਾ (ਸ਼ਗਨ ਕਟਾਰੀਆ): ‘ਆਪ’ ਦੇ ਸੀਨੀਅਰ ਆਗੂ ਅਤੇ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਮੁਸ਼ਕਿਲ ਦੇ ਸਮੇਂ ਵਿੱਚ ਕਿਸਾਨਾਂ ਦਾ ਸਹਿਯੋਗ ਕਰ ਰਹੀ ਹੈ। ਭੁੱਚੋ ਦੀ ਅਨਾਜ ਮੰਡੀ ਵਿੱਚ ਕਿਸਾਨ ਮੇਲੇ ਦੇ ਅਖਰੀਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਸ੍ਰੀ ਪੰਨੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਖੇਤੀ ਵਿਗਿਆਨੀਆਂ ਦੀ ਰਹਿਨੁਮਾਈ ਸਦਕਾ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਨੂੰ ਅਨਾਜ ਪੱਖੋਂ ਸੁਰੱਖਿਅਤ ਰੱਖਣ ਵਿੱਚ ਪੰਜਾਬ ਦਾ ਯੋਗਦਾਨ ਅਹਿਮ ਰਿਹਾ ਹੈ। ਵਿਧਾਇਕ ਮਾ. ਜਗਸੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸਾਨ ਮੇਲੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ’ਤੇ ਘੱਟ ਖਰਚੇ ਨਾਲ ਵਧੀਆ ਪੈਦਾਵਾਰ ਅਤੇ ਚੰਗੇ ਮੁਨਾਫੇ ਬਾਰੇ ਜਾਣਕਾਰੀ ਦਿੰਦੇ ਹਨ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ, ਡੀਜੀਪੀ ਏ.ਐਸ.ਰਾਏ, ਏਆਈਜੀ (ਕਾਊਂਟਰ ਇੰਟੈਲੀਜੈਂਸ) ਅਵਨੀਤ ਕੌਰ ਸਿੱਧੂ, ਮੇਲਾ ਪ੍ਰਬੰਧਕ ਹਰਦੀਪ ਸਿੰਘ, ਸਾਹਿਲ ਮੱਕੜ, ਜੈਸ਼ਿਵੰਦਰ ਬਰਾੜ, ਜਸਦੀਪ ਬਰਾੜ, ਅਵਤਾਰ ਸਿੰਘ ਹਾਜ਼ਰ ਸਨ।