ਭਗਵੰਤ ਭੋਤਨਾ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੇ: ਉਗਰਾਹਾਂ
ਪਿੰਡ ਭੋਤਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਰਹੂਮ ਕਿਸਾਨ ਆਗੂ ਭਗਵੰਤ ਭੋਤਨਾ ਦੀ ਬਰਸੀ ਮਨਾਈ ਗਈ। ਪਿੰਡ ਦੇ ਭਗਵੰਤ ਭੋਤਾ ਯਾਦਗਾਰੀ ਪਾਰਕ ਵਿੱਚ ਰੱਖੇ ਸਮਾਗਮ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਮਾਸਟਰ ਹਰਦੀਪ ਸਿੰਘ ਟੱਲੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਹੋਏ। ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਗਵੰਤ ਭੋਤਨਾ ਜਥੇਬੰਦੀ ਦਾ ਉਹ ਯੋਧਾ ਸੀ, ਜਿਸ ਨੇ ਜਥੇਬੰਦੀ ਦੇ ਹਰ ਸੰਘਰਸ਼ ਦੌਰਾਨ ਆਪਣੀ ਮਿਹਨਤ ਸਦਕਾ ਯੋਗਦਾਨ ਪਾਇਆ ਅਤੇ ਜਥੇਬੰਦੀ ਦੀਆਂ ਮੂਹਰਲੀਆਂ ਸਫ਼ਾ ਵਿਚ ਰਹਿ ਕੇ ਕੰਮ ਕੀਤਾ, ਪਰ 2006 ਵਿਚ ਇਕ ਸੜਕ ਹਾਦਸੇ ਨੇ ਸਾਡਾ ਹੋਣਹਾਰ ਨੌਜਵਾਨ ਆਗੂ ਸਾਥੋਂ ਖੋਹ ਲਿਆ। ਉਨ੍ਹਾਂ ਕਿਹਾ ਕਿ ਭਗਵੰਤ ਸਦਾ ਸਾਡੇ ਮਨਾਂ ਵਿਚ ਰਹੇਗਾ ਅਤੇ ਅਸੀਂ ਉਸ ਦੇ ਕੀਤੇ ਕਾਰਜਾਂ ’ਤੇ ਚੱਲਦਿਆਂ ਪ੍ਰੇਰਨਾ ਲੈਂਦੇ ਰਹਾਂਗੇ। ਆਗੂਆਂ ਨੇ ਕਿਹਾ ਕਿ ਅੱਜ ਉਹ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਨ੍ਹਾਂ ਵਲੋਂ ਛੱਡੇ ਅਧੂਰੇ ਕਾਰਜਾਂ ਨੂੰ ਜਥੇਬੰਦੀ ਲਗਾਤਾਰ ਸੰਘਰਸ਼ ਕਰ ਕੇ ਲੋਕਾਂ ਨੂੰ ਜਿੱਥੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ, ਉੱਥੇ ਉਨ੍ਹਾਂ ਦੇ ਹੱਕ ਲੈ ਕੇ ਵੀ ਦੇ ਰਹੀ ਹੈ। ਇਸ ਮੌਕੇ ਜੱਥੇਬੰਦੀ ਵਲੋਂ ਭਗਵੰਤ ਭੋਤਨਾ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਨਵਰੂਪ ਸਿੰਘ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਜਥੇਬੰਦੀ ਵਲੋਂ ਵਿੱਢੀ ਮੁਹਿੰਮ ਵਿੱਚ ਵਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ, ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਗੁਰਚਰਨ ਸਿੰਘ ਫ਼ੌਜੀ, ਕਮਲਜੀਤ ਕੌਰ ਬਰਨਾਲਾ, ਬਿੰਦਰਪਾਲ ਕੌਰ ਭਦੌੜ, ਬਿੰਦਰ ਸਿੰਘ ਭੋਤਨਾ ਵੀ ਹਾਜ਼ਰ ਸਨ।