ਭਗਤ ਸਕੂਲ ਦੇ ਖਿਡਾਰੀ ਸੂਬਾਈ ਖੇਡ ਮੁਕਾਬਲਿਆਂ ਲਈ ਚੁਣੇ
ਭਗਤ ਪਬਲਿਕ ਸਕੂਲ ਸੰਤਨਗਰ ਦੇ ਹੋਣਹਾਰ ਵਿਦਿਆਰਥੀਆਂ ਨੂੰ 58ਵੀਆਂ ਹਰਿਆਣਾ ਰਾਜ ਸਕੂਲ ਖੇਡ ਮੁਕਾਬਲੇ ਦੇ ਵੇਟਲਿਫਟਿੰਗ ਅਤੇ ਡਿਸਕਸ ਥਰੋਅ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਨਵਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਿਰਸਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਆਲਮਪਾਲ ਸਿੰਘ, ਜੋਬਨ ਸਿੰਘ ਢਿੱਲੋਂ, ਗੁਰਕੀਰਤ ਸਿੰਘ ਅਤੇ ਨੰਦਿਨੀ ਨੂੰ ਵੇਟਲਿਫਟਿੰਗ ਦੇ ਅੰਡਰ-19 ਵਰਗ ਵਿੱਚ ਹਰਿਆਣਾ ਰਾਜ ਸਕੂਲ ਖੇਡ ਮੁਕਾਬਲੇ ਲਈ ਚੁਣਿਆ ਗਿਆ ਹੈ ਜਦਕਿ ਕੁਸ਼ਾਲ, ਸੁਖਚੈਨ ਸਿੰਘ, ਅੰਸ਼ਦੀਪ ਸਿੰਘ, ਧਰਮਿਸ਼ਠਾ ਸਿੰਘ, ਰਿਸ਼ਿਕਾ ਅਤੇ ਯਸ਼ਿਕਾ ਅੰਡਰ-17 ਵਰਗ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਡਿਸਕਸ ਥਰੋਅ ਦੇ ਅੰਡਰ 14 ਵਰਗ ਵਿੱਚ ਸਕੂਲ ਦੇ ਵਿਦਿਆਰਥੀ ਗੁਨਬੀਰ ਸਿੰਘ ਹਰਿਆਣਾ ਰਾਜ ਖੇਡ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੇ ਖੇਡ ਕੋਚਾਂ ਦੀ ਨਿਗਰਾਨੀ ਹੇਠ ਸਕੂਲ ਦੇ ਖਿਡਾਰੀਆਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਨੇ ਉਨ੍ਹਾਂ ਨੂੰ ਇਹ ਪ੍ਰਾਪਤੀ ਦਿਵਾਈ ਹੈ।