ਭਦੌੜ ਵਾਸੀਆਂ ਨੇ ਆਪਣੇ ਖਰਚੇ ’ਤੇ ਸੜਕ ਦੀ ਮੁਰੰਮਤ ਕਰਵਾਈ
ਪੰਜਾਬ ਸਰਕਾਰ ਦੀ ਬੇਧਿਆਨੀ ਦਾ ਸ਼ਿਕਾਰ ਹੋਏ ਭਦੌੜ ਵਾਸੀ ਖ਼ੁਦ ਹੀ ਕਸਬੇ ਦੀਆਂ ਫਿਰਨੀਆਂ ਠੀਕ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਤੋਂ ਝਾਕ ਮੁਕ ਗਈ ਹੈ।
ਇੱਥੋਂ ਦੀ ਦੀਪਗੜ੍ਹ ਰੋਡ ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਦੀਆਂ ਹੌਦੀਆਂ ’ਚੋਂ ਪਾਣੀ ਰਿਸਣ ਕਾਰਨ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸੜਕ ਦੀ ਖੁਦ ਹੀ ਦਿੱਖ ਸੰਵਾਰ ਰਹੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਮਿੰਟੂ ਬਾਵਾ, ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਭੋਲਾ ਸਿੰਘ ਸੰਘੇੜਾ, ਰਮਨਦੀਪ ਸਿੰਘ ਅਤੇ ਭੋਲਾ ਸਿੰਘ ਗਿੱਲ ਨੇ ਕਿਹਾ ਕਿ ਉਹ ਸਰਕਾਰ ਦੇ ਹਰ ਅਧਿਕਾਰੀਆਂ ਕੋਲ ਇਸ ਸੜਕ ਨੂੰ ਠੀਕ ਕਰਵਾਉਣ ਲਈ ਬੇਨਤੀਆਂ ਕਰ ਚੁੱਕੇ ਹਨ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਦਾ ਕੌਂਸਲਰ ਗੁਰਪਾਲ ਸਿੰਘ ਚੋਣ ਜਿੱਤਣ ਮਗਰੋਂ ਦਿਖਾਈ ਹੀ ਨਹੀਂ ਦਿੱਤਾ। ਉਹ ਇਨ੍ਹਾਂ ਤੋਂ ਅੱਕ ਕੇ ਹੁਣ ਆਪਣੇ ਖਰਚੇ ’ਤੇ ਲੰਘਣ ਲਈ ਰਸਤਾ ਬਣਾ ਰਹੇ ਹਨ। ਦੀਪਗੜ੍ਹ ਰੋਡ ਦੇ ਵਾਸੀਆਂ ਨੇ ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਉਨ੍ਹਾਂ ਨੂੰ ਰੋਡ ਰੂਲਰ ਸੰਗਰੂਰ ਤੋਂ ਮੁਹੱਈਆ ਕਰਵਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਦੌੜ ਦੀਆਂ ਟੁੱਟ ਚੁੱਕੀਆਂ ਫਿਰਨੀਆਂ ਨੂੰ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਸੜਕਾਂ ਬਣਾਉਣਾ ਸਰਕਾਰ ਦਾ ਕੰਮ: ਕੌਂਸਲਰ
ਵਾਰਡ ਨੰਬਰ 6 ਦੇ ਕੌਂਸਲਰ ਗੁਰਪਾਲ ਸਿੰਘ ਨੇ ਕਿਹਾ ਕਿ ਉਹ ਜਿੰਨੇ ਜੋਗੇ ਹਨ, ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਸਾਡੇ ਵੱਸ ਦੀ ਗੱਲ ਨਹੀਂ, ਇਸ ਦਾ ਹੱਲ ਤਾਂ ਸਰਕਾਰ ਹੀ ਕਰ ਸਕਦੀ ਹੈ।