ਬੇਅੰਤ ਸਿੰਘ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਪੁੱਜੀ
ਕੈਨੇਡਾ ਦੇ ਸਰੀ ਵਿੱਚ ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਫੌਤ ਹੋਏ ਪਿੰਡ ਠੀਕਰੀਵਾਲਾ ਦੇ ਨੌਜਵਾਨ ਬੇਅੰਤ ਸਿੰਘ (31) ਦੀ ਲਾਸ਼ ਅੱਜ 18 ਦਿਨਾਂ ਬਾਅਦ ਪਿੰਡ ਪੁੱਜ ਗਈ ਅਤੇ ਗਮਗੀਨ ਮਾਹੌਲ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਬੇਅੰਤ ਸਿੰਘ ਦੇ ਚਾਚਾ ਹਰਭਗਵਾਨ ਸਿੰਘ, ਨਛੱਤਰ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਇਸੇ ਸਾਲ ਅਪਰੈਲ ਵਿੱਚ ਰੋਜ਼ੀ-ਰੋਟੀ ਲਈ ਕੈਨੇਡਾ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਸਹਾਰਾ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਆਰਥਿਕ ਮਦਦ ਕਰ ਸਕੇ ਪਰ ਇਸ ਦੁਖਾਂਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਰਜ਼ਾ ਵੀ ਬਰਕਰਾਰ ਹੈ ਅਤੇ ਘਰ ਦਾ ਇਕਲੌਤਾ ਕਮਾਊ ਪੁੱਤ ਵੀ ਚਲਾ ਗਿਆ, ਜਿਸ ਨਾਲ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਜਸਪ੍ਰੀਤ ਸਿੰਘ ਹੈਪੀ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਸਾਬਕਾ ਸਰਪੰਚ ਲਖਵੀਰ ਸਿੰਘ ਠੀਕਰੀਵਾਲ ਤੇ ਹੋਰ ਮੋਹਤਬਰ ਹਾਜ਼ਰ ਸਨ।