ਬਠਿੰਡਾ ਪੁਲੀਸ ਨੇ 22 ਲੱਖ ਦੀ ਚੋਰੀ ਦਾ ਕੇਸ ਸੁਲਝਾਇਆ
ਬਠਿੰਡਾ ਪੁਲੀਸ ਨੇ ਕਰੀਬ ਪੰਜ ਮਹੀਨੇ ਪਹਿਲਾਂ ਹੋਈ ਚੋਰੀ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਵਾਰਦਾਤ ’ਚ ਪੀੜਤ ਪਰਿਵਾਰ ਦਾ ਗਹਿਣਿਆਂ ਅਤੇ ਨਗਦੀ ਸਮੇਤ ਲਗਭਗ 22 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਪੁਲੀਸ ਨੇ ਇਸ ਮਾਮਲੇ ’ਚ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਜਣਿਆਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਐਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਗਮਦੂਰ ਸਿੰਘ ਵਾਸੀ ਮਕਾਨ ਨੰਬਰ 183ਏ/1 ਸ਼ਾਂਤ ਨਗਰ ਬਠਿੰਡਾ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੇ ਦੋ ਬੱਚੇ ਬਾਹਰਲੇ ਦੇਸ਼ ਅਤੇ ਇੱਕ ਬੱਚਾ ਦਿੱਲੀ ਵਿਖੇ ਰਹਿੰਦਾ ਹੈ ਅਤੇ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਸਮੇਤ ਸ਼ਾਂਤ ਨਗਰ ਵਿੱਚ ਰਹਿੰਦੀ ਹੈ ਅਤੇ ਉਹ ਆਪ ਸਵੇਰੇ ਹੀ ਰਾਮਪੁਰਾ ਸਕੂਲ ਵਿਖੇ ਚਲੀ ਜਾਂਦੀ ਹੈ ਅਤੇ ਬਾਅਦ ਵਿੱਚ ਨੌਕਰ ਉਨ੍ਹਾਂ ਦੇ ਮਾਤਾ-ਪਿਤਾ ਦੀ ਦੇਖ ਰੇਖ ਨੌਕਰ ਕਰਦੇ ਹਨ। ਦਸੰਬਰ ਮਹੀਨੇ ਵਿੱਚ ਮੈਰਿਜ਼ ਫੰਕਸ਼ਨ ਦੌਰਾਨ ਉਸ ਨੇ ਸੋਨੇ ਦੇ ਗਹਿਣੇ ਆਪਣੇ ਬੈਂਕ ਲੌਕਰ ਵਿੱਚੋਂ ਕਢਵਾ ਕੇ ਆਪਣੇ ਘਰ ਅਲਮਾਰੀ ਵਿੱਚ ਰੱਖ ਲਏ ਸੀ ਅਤੇ ਬਾਅਦ ਵਿੱਚ ਕੰਮਾਂ ਕਾਰਾਂ ਵਿੱਚ ਮਸਰੂਫ਼ ਹੋਣ ਕਰਕੇ ਵਾਪਿਸ ਲੌਕਰ ਵਿੱਚ ਜਮ੍ਹਾ ਨਹੀਂ ਕਰਵਾ ਸਕੀ। ਮਿਤੀ 9 ਅਪਰੈਲ 2025 ਨੂੰ ਉਨ੍ਹਾਂ ਦੇ ਘਰ ਆਖ਼ਰੀ ਵਾਰ ਰਤਨੀ ਪਤਨੀ ਰੋਸ਼ਨ ਵਾਸੀ ਦਰਬੰਗਾ (ਬਿਹਾਰ) ਉਨ੍ਹਾਂ ਦੇ ਘਰ ਆਈ ਤੇ ਬਿਨਾਂ ਦੱਸੇ ਪੁੱਛੇ ਚਲੀ ਗਈ ਤੇ ਬਾਅਦ ਵਿੱਚ ਘਰ ਵਿੱਚ ਚੈਕਿੰਗ ਕਰਨ ਤੇ ਘਰ ਵਿੱਚ ਅਲਮਾਰੀ ਵਿੱਚ ਪਏ 04 ਸੋਨੇ ਦੇ ਕੜੇ, 3 ਸੋਨੇ ਦੇ ਸੈਟ, 3 ਜੋੜੀਆਂ ਕੰਨਾਂ ਦੀਆਂ ਬਾਲੀਆਂ, 3 ਸੋਨੇ ਦੀਆਂ ਚੈਨਾਂ ਅਤੇ ਹੋਰ ਸੋਨੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਰੌਸ਼ਨ ਕੁਮਾਰ ਅਤੇ ਰਤਨੀ ਦੇਵੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।