ਪੁਲੀਸ ਨੇ ਮੋਬਾਈਲ ਫੋਨ ਲੱਭ ਕੇ ਮਾਲਕਾਂ ਸੌਂਪੇ
ਬਠਿੰਡਾ ਪੁਲੀਸ ਨੇ 222 ਗੁੰਮ ਹੋਏ ਮੋਬਾਈਲ ਫ਼ੋਨ ਲੱਭ ਕੇ ਅੱਜ ਮਾਲਕਾਂ ਦੇ ਹਵਾਲੇ ਕੀਤੇ ਹਨ। ਫ਼ੋਨ ਮਾਲਕਾਂ ਨੂੰ ਸੌਂਪਣ ਲਈ ਹੋਏ ਸੰਖੇਪ ਸਮਾਗਮ ਵਿੱਚ ਪੁੱਜੇ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲੀਸ ਵੱਲੋਂ ਸੈਂਟਰਲ ਅਕਿਊਪਮੈਂਟ ਅਡੈਂਟਿਟੀ ਰਜਿਸਟਰ (ਸੀਈਆਈਆਰ) ਦੀ ਮਦਦ ਨਾਲ ਤਜਰਬੇਕਾਰ ਪੁਲੀਸ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਨਾਲ ਇਹ ਫ਼ੋਨ ਲੱਭੇ। ਉਨ੍ਹਾਂ ਦੱਸਿਆ ਕਿ ਲੱਭੇ ਫ਼ੋਨਾਂ ਦੀ ਕੀਮਤ ਕਰੀਬ 25,47,400 ਰੁਪਏ ਹੈ।
ਐੱਸਐੱਸਪੀ ਨੇ ਦੱਸਿਆ ਕਿ ਸੀਈਆਈਆਰ ਪੋਰਟਲ ਅਪ੍ਰੈਲ-2023 ਤੋਂ ਚਾਲੂ ਹੋਇਆ ਹੈ, ਜਿਸ ਦੀ ਮਦਦ ਨਾਲ ਹੁਣ ਤੱਕ ਬਠਿੰਡਾ ਪੁਲੀਸ ਵੱਲੋਂ ਕੁੱਲ 1052 ਮੋਬਾਈਲ ਫ਼ੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ 488 ਮੋਬਾਈਲ ਫ਼ੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਹਵਾਲੇ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 66 ਲੱਖ ਰੁਪਏ ਦੇ ਕਰੀਬ ਬਣਦੀ ਸੀ। ਉਨ੍ਹਾਂ ਕਿਹਾ ਕਿ ਜਨਵਰੀ 2025 ਤੋਂ ਹੁਣ ਤੱਕ ਬਠਿੰਡਾ ਪੁਲੀਸ ਵੱਲੋਂ ਕੁੱਲ 710 ਮੋਬਾਈਲ ਫ਼ੋਨ ਟਰੇਸ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 91 ਲੱਖ ਰੁਪਏ ਬਣਦੀ ਹੈ।
ਐੰਸਐੱਸਪੀ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਦਾ ਹੈ, ਤਾਂ ਉਹ ਤੁਰੰਤ ਸੀਈਆਈਆਰ ਪੋਰਟਲ ’ਤੇ ਆਨ-ਲਾਈਨ ਜਾਂ ਨੇੜਲੇ ਪੁਲੀਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।