ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ ਪੁਲੀਸ ਦਾ ਲੁਟੇਰਿਆਂ ਨਾਲ ਮੁਕਾਬਲਾ, ਇੱਕ ਜ਼ਖ਼ਮੀ

ਚਾਰ ਦਿਨ ਪਹਿਲਾਂ ਬਠਿੰਡਾ ਸ਼ਹਿਰ ’ਚ ਲੁੱਟ-ਖੋਹ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਬਠਿੰਡਾ ਵਿਚ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ।
Advertisement

ਕਥਿਤ ਤੌਰ ’ਤੇ ਦੋ ਲੁਟੇਰਿਆਂ ਨਾਲ ਅੱਜ ਬਠਿੰਡਾ ਪੁਲੀਸ ਦੇ ਹੋਏ ਮੁਕਾਬਲੇ ਦੌਰਾਨ ਇੱਕ ਲੁਟੇਰਾ ਲੱਤ ’ਚ ਗੋਲ਼ੀ ਲੱਗਣ ਕਾਰਣ ਜ਼ਖ਼ਮੀ ਹੋ ਗਿਆ। ਇਹ ਵਾਰਦਾਤ ਪਿੰਡ ਬੀੜ ਬਹਿਮਣ ਨੇੜੇ ਸਰਹਿੰਦ ਨਹਿਰ ਦੇ ਪੁਲ ਕੋਲ ਹੋਈ ਦੱਸੀ ਗਈ ਹੈ। ਘਟਨਾ ਸਥਾਨ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਲੰਘੀ 19 ਅਗਸਤ ਨੂੰ ਬਠਿੰਡਾ ਸ਼ਹਿਰ ਦੀ ਗੋਲ ਡਿੱਗੀ ਕੋਲ ਖੋਹ ਦੀ ਘਟਨਾ ਹੋਈ ਸੀ। ਉੱਥੇ ਦੋ ਬੀਬੀਆਂ ਬਾਜ਼ਾਰ ’ਚੋਂ ਖ਼ਰੀਦੋ-ਫ਼ਰੋਖ਼ਤ ਕਰ ਕੇ ਜਦੋਂ ਵਾਪਸ ਘਰ ਨੂੰ ਪਰਤ ਰਹੀਆਂ ਸਨ, ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਝਪਟ ਮਾਰ ਕੇ ਇਕ ਬੀਬੀ ਤੋਂ ਉਸ ਦਾ ਸ਼ਾਪਿੰਗ ਬੈਗ ਖੋਹਿਆ ਅਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ 55 ਸਾਲਾ ਬੀਬੀ ਜ਼ਮੀਨ ’ਤੇ ਡਿੱਗ ਪਈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਦਿੱਲੀ ਹਾਰਟ ਇੰਸਟੀਚਿਊਟ ਬਠਿੰਡਾ ’ਚ ਇਲਾਜ ਲਈ ਦਾਖ਼ਲ ਕਰਾਉਣਾ ਪਿਆ।

ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਘਟਨਾ ਦੀ ਸੀਸੀਟੀਵੀ ਰਿਕਾਰਡਿੰਗ ਦੀ ਪੜਤਾਲ ਅਤੇ ਆਪਣੇ ਹੋਰਨਾਂ ਸਰੋਤਾਂ ਰਾਹੀਂ ਲੁਟੇਰਿਆਂ ਦੀ ਪਛਾਣ ਕਰ ਲਈ। ਇਨ੍ਹਾਂ ਵਿੱਚ 21 ਸਾਲਾ ਅਮਨਦੀਪ ਸਿੰਘ ਵਾਸੀ ਊਧਮ ਸਿੰਘ ਨਗਰ ਬਠਿੰਡਾ ਅਤੇ 27 ਸਾਲਾ ਅਮਨਪ੍ਰੀਤ ਸਿੰਘ ਵਾਸੀ ਪਿੰਡ ਫੁੱਲੋ ਮਿੱਠੀ ਸੀ।

Advertisement

ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਅੱਜ ਸੂਚਨਾ ਮਿਲੀ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਸ਼ਖ਼ਸ ਮੋਟਰਸਾਈਕਲ ’ਤੇ ਸ਼ਹਿਰ ਦੇ ਨੇੜੇ-ਤੇੜੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਸਤੈਦ ਹੁੰਦਿਆਂ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋਵਾਂ ਜਣਿਆਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਮੋਟਰਸਾਈਕਲ ਵਾਪਸ ਭਜਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪਿੱਛਾ ਕਰਨ ’ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਅਮਨਪ੍ਰੀਤ ਸਿੰਘ ਨੇ ਪੁਲੀਸ ’ਤੇ ਫਾਇਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ’ਚ ਉਸ ਦੀ ਖੱਬੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਅਮਨਦੀਪ ਸਿੰਘ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਇੱਕ .9 ਐਮਐਮ ਦਾ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਖ਼ਿਲਾਫ਼ ਤਾਜ਼ਾ ਘਟਨਾ ਦੇ ਸਬੰਧ ’ਚ ਥਾਣਾ ਕੈਨਾਲ ਕਾਲੋਨੀ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Advertisement